ਨਵੀਂ ਦਿੱਲੀ:ਸੂਚਨਾ ਦੇ ਅਧਿਕਾਰ ਤਹਿਤ ਮਿਲੀ ਇੱਕ ਸੂਚਨਾ ਤੋਂ ਬਾਅਦ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਅਤੇ ਕਾਂਗਰਸ ਆਹਮੋ-ਸਾਹਮਣੇ ਹਨ। ਕਾਂਗਰਸ ਦਾ ਦੋਸ਼ ਹੈ ਕਿ ਸਮ੍ਰਿਤੀ ਇਰਾਨੀ ਦੀ ਬੇਟੀ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਬਾਰ ਦਾ ਲਾਇਸੈਂਸ ਹਾਸਲ ਕੀਤਾ ਸੀ। ਪਾਰਟੀ ਨੇ ਕਿਹਾ ਕਿ ਜਿਸ ਵਿਅਕਤੀ ਦੇ ਨਾਂ 'ਤੇ ਇਹ ਲਾਇਸੈਂਸ ਹਾਸਲ ਕੀਤਾ ਗਿਆ ਹੈ, ਉਹ ਹੁਣ ਇਸ ਦੁਨੀਆ 'ਚ ਨਹੀਂ ਹੈ।
ਸਮ੍ਰਿਤੀ ਇਰਾਨੀ ਨੇ ਕਾਂਗਰਸ ਦੇ ਦੋਸ਼ਾਂ ਨੂੰ ਗ਼ਲਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ 'ਤੇ ਲਗਾਤਾਰ ਹਮਲਾਵਰ ਹੋਣ ਕਾਰਨ ਉਨ੍ਹਾਂ ਦੀ ਬੇਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਮ੍ਰਿਤੀ ਨੇ ਕਿਹਾ ਕਿ ਉਸ ਨੇ ਨੈਸ਼ਨਲ ਹੈਰਾਲਡ ਮਾਮਲੇ 'ਚ ਸੋਨੀਆ ਅਤੇ ਰਾਹੁਲ ਗਾਂਧੀ ਵੱਲੋਂ '5,000 ਕਰੋੜ ਰੁਪਏ ਦੀ ਲੁੱਟ' ਦਾ ਮੁੱਦਾ ਚੁੱਕਿਆ ਸੀ, ਇਸ ਲਈ ਹੁਣ ਉਨ੍ਹਾਂ ਤੋਂ ਬਦਲਾ ਲਿਆ ਜਾ ਰਿਹਾ ਹੈ।
ਇਰਾਨੀ ਨੇ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਦੀ ਬੇਟੀ ਜੋਸ਼ ਦੇ ਚਰਿੱਤਰ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਵਿਰੋਧੀ ਧਿਰ ਕਾਂਗਰਸ ਨੂੰ ਚੁਣੌਤੀ ਦਿੱਤੀ ਕਿ ਉਹ ਉਨ੍ਹਾਂ ਦੀ ਧੀ ਵੱਲੋਂ ਕੀਤੇ ਕਿਸੇ ਵੀ ਗਲਤ ਕੰਮ ਦਾ ਸਬੂਤ ਦੇਣ। ਕਾਂਗਰਸ ਦੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਸਮ੍ਰਿਤੀ ਨੇ ਕਿਹਾ, ''ਮੇਰੀ ਬੇਟੀ ਦਾ ਕਸੂਰ ਇਹ ਹੈ ਕਿ ਉਸ ਦੀ ਮਾਂ ਨੇ ਸੋਨੀਆ ਅਤੇ ਰਾਹੁਲ ਗਾਂਧੀ ਦੀ 5,000 ਕਰੋੜ ਦੀ ਲੁੱਟ 'ਤੇ ਪ੍ਰੈਸ ਕਾਨਫਰੰਸ ਕੀਤੀ। ਉਸਦਾ ਕਸੂਰ ਇਹ ਹੈ ਕਿ ਉਸਦੀ ਮਾਂ ਨੇ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਦੇ ਖਿਲਾਫ ਚੋਣ ਲੜੀ ਸੀ।"
ਮਹਿਲਾ ਅਤੇ ਬਾਲ ਵਿਕਾਸ ਮੰਤਰੀ ਇਰਾਨੀ ਨੇ ਪੁੱਛਿਆ ਕਿ ਕੀ ਕਾਂਗਰਸ ਨੇਤਾ ਜੈਰਾਮ ਰਮੇਸ਼ ਅਤੇ ਪਵਨ ਖੇੜਾ ਦੁਆਰਾ ਇੱਕ ਪ੍ਰੈਸ ਕਾਨਫਰੰਸ ਵਿੱਚ ਦਿਖਾਏ ਗਏ ਕਥਿਤ ਨੋਟਿਸਾਂ ਵਿੱਚ ਉਨ੍ਹਾਂ ਦੀ ਧੀ ਦਾ ਨਾਮ ਸੀ। ਈਰਾਨੀ ਨੇ ਕਿਹਾ ਕਿ ਉਸ ਦੀ 18 ਸਾਲਾ ਧੀ ਕਾਲਜ ਦੇ ਪਹਿਲੇ ਸਾਲ ਦੀ ਵਿਦਿਆਰਥਣ ਹੈ ਅਤੇ ਬਾਰ ਨਹੀਂ ਚਲਾਉਂਦੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਗਾਂਧੀ ਪਰਿਵਾਰ ਦੇ ਇਸ਼ਾਰੇ ’ਤੇ ਉਨ੍ਹਾਂ ਦੀ ਧੀ ਨੂੰ ਨਿਸ਼ਾਨਾ ਬਣਾਉਣ ਲਈ ਪ੍ਰੈਸ ਕਾਨਫਰੰਸ ਕੀਤੀ।
ਕੇਂਦਰੀ ਮੰਤਰੀ ਦੀ ਧੀ ਦੇ ਵਕੀਲ ਕੀਰਤ ਨਾਗਰਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਨਾ ਤਾਂ 'ਸਿਲੀ ਸੋਲਜ਼' ਨਾਮ ਦੇ ਰੈਸਟੋਰੈਂਟ ਦਾ ਮਾਲਕ ਹੈ ਅਤੇ ਨਾ ਹੀ ਉਸ ਦਾ ਸੰਚਾਲਨ ਕਰਦਾ ਹੈ ਅਤੇ ਉਸ ਨੂੰ ਕਿਸੇ ਵੀ ਅਥਾਰਟੀ ਵੱਲੋਂ ਕੋਈ 'ਕਾਰਨ ਦੱਸੋ ਨੋਟਿਸ' ਨਹੀਂ ਮਿਲਿਆ ਹੈ।
ਹਾਲਾਂਕਿ ਸਮ੍ਰਿਤੀ ਇਰਾਨੀ ਦੇ ਦਾਅਵਿਆਂ ਦੇ ਉਲਟ ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਨੇ ਕੁਝ ਪੁਰਾਣੇ ਵੀਡੀਓ ਦਿਖਾਏ ਹਨ। ਇਸ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਇਕ ਬਾਰ ਨੂੰ ਆਪਣਾ ਦੱਸ ਰਹੀ ਹੈ। ਇਸ ਸਬੰਧੀ ਉਨ੍ਹਾਂ ਨੇ ਇੰਟਰਵਿਊ ਵੀ ਦਿੱਤੀ ਹੈ। ਇੱਥੇ ਇਸਦੀ ਕਲਿੱਪ ਹੈ। ਇਸ ਨੂੰ ਕਾਂਗਰਸ ਨੇਤਾ ਸ਼੍ਰੀਨਿਵਾਸ ਬੀਵੀ ਨੇ ਵੀ ਸਾਂਝਾ ਕੀਤਾ ਹੈ।