ਨਵੀਂ ਦਿੱਲੀ: ਪੂਰਾ ਦੇਸ਼ ਕਿਸਾਨਾਂ ਦੇ ਨਾਲ ਹੈ। ਕਿਸਾਨਾਂ ਦੀਆਂ ਜੋ ਵੀ ਮੰਗਾਂ ਹਨ, ਉਹ ਮੰਨੀਆਂ ਜਾਣ। ਇਹ ਗੱਲ ਸ਼ਨੀਵਾਰ ਮਸ਼ਹੂਰ ਗਾਇਕ ਦਲਜੀਤ ਦੁਸਾਂਝ ਨੇ ਕਿਸਾਨਾਂ ਦੇ ਅੰਦੋਲਨ ਵਿੱਚ ਸ਼ਮੂਲੀਅਤ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਇਥੇ ਅੰਦੋਲਨ ਵਿੱਚ ਕਿਸਾਨਾਂ ਵੱਲੋਂ ਸੰਘਰਸ਼ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ ਜਾ ਰਿਹਾ ਹੈ, ਇਸ ਲਈ ਮੁੱਦਿਆਂ ਨੂੰ ਭਟਕਾਇਆ ਨਾ ਜਾਵੇ। ਸਾਰੇ ਕਿਸਾਨ ਸ਼ਾਂਤੀਪੂਰਵਕ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ, ਕੋਈ ਵੀ ਖ਼ੂਨ-ਖਰਾਬੇ ਵਾਲੀ ਗੱਲ ਨਹੀਂ ਹੋ ਰਹੀ ਹੈ।
ਇਸਤੋਂ ਪਹਿਲਾਂ ਅੰਦੋਲਨ ਵਿੱਚ ਕਿਸਾਨਾਂ ਦਾ ਸਾਥ ਦੇਣ ਦਿੱਲੀ ਦੀ ਸਿੰਘੂ ਸਰਹੱਦ 'ਤੇ ਪੁੱਜੇ ਦਲਜੀਤ ਦੁਸਾਂਝ ਨੇ ਕਿਹਾ ਕਿ ਉਹ ਅੱਜ ਇਥੇ ਬੋਲਣ ਨਹੀਂ ਆਇਆ ਸਗੋਂ ਸੁਣਨ ਆਇਆ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਸ਼ਾਬਾਸ਼ ਦਿੰਦੇ ਹਨ ਕਿ ਉਨ੍ਹਾਂ ਨੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰਕੇ ਅੱਜ ਦੁੁਬਾਰਾ ਇਤਿਹਾਸ ਸਿਰਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਬਚਪਨ ਵਿੱਚ ਕਹਾਣੀਆਂ ਸੁਣਦੇ ਹੁੰਦੇ ਸੀ, ਜਿਨ੍ਹਾਂ ਨਾਲ ਧੁਰ ਅੰਦਰ ਤੱਕ ਜੋਸ਼ ਭਰਦਾ ਹੁੰਦਾ ਸੀ, ਕਿਸਾਨਾਂ ਨੇ ਉਹ ਇਤਿਹਾਸ ਅੱਜ ਦੁਬਾਰਾ ਦੁਹਰਾਅ ਦਿੱਤਾ ਹੈ, ਜੋ ਬਹੁਤ ਵੱਡੀ ਗੱਲ ਹੈ।