ਨਵੀਂ ਦਿੱਲੀ: ਪੰਜਾਬ ਵਿਧਾਨ ਸਭਾ ਚੋਣਾਂ ਕਾਰਨ ਸੂਬੇ 'ਚ ਮਾਹੌਲ ਪੂਰੀ ਤਰ੍ਹਾਂ ਗਰਮ ਹੈ। ਇਸ ਦੌਰਾਨ ਕਈ ਇਲਜ਼ਾਮਬਾਜ਼ੀਆਂ ਦਾ ਦੌਰ ਵੀ ਜਾਰੀ ਹੈ। ਜਿਥੇ ਆਗੂਆਂ ਵਲੋਂ ਇਕ ਦੂਸਰੇ ਖਿਲਾਫ਼ ਬਿਆਨ ਦਿੱਤੇ ਜਾ ਰਹੇ ਹਨ,ਉਥੇ ਹੀ ਕਈ ਨਵੇਂ ਵਿਵਾਦ ਵੀ ਸਾਹਮਣੇ ਆਏ ਹਨ।
ਇਸ ਦੇ ਚੱਲਿਦਿਆਂ ਪਿਛਲੇ ਦਿਨੀਂ ਨਵਜੋਤ ਸਿੱਧੂ ਦੀ ਐਨ.ਆਰ.ਆਈ ਭੈਣ ਮੀਡੀਆ ਸਾਹਮਣੇ ਆਈ ਸੀ, ਜਿਥੇ ਉਨ੍ਹਾਂ ਨਵਜੋਤ ਸਿੱਧੂ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਸੀ। ਇਸ ਦੇ ਚੱਲਦਿਆਂ ਹੁਣ ਸੁਮਨ ਤੂਰ ਵਲੋਂ ਕੌਮੀ ਮਹਿਲਾ ਕਮਿਸ਼ਨ ਕੋਲ ਪਹੁੰਚ ਕੀਤੀ ਗਈ ਹੈ। ਸੁਮਨ ਤੂਰ ਵਲੋਂ ਨਵੀਂ ਦਿੱਲੀ 'ਚ ਕੌਮੀ ਮਹਿਲਾ ਕਮਿਸ਼ਨ ਕੋਲ ਰਾਈਟ ਟੂ ਲਿਵ ਵਿਦ ਡਿਗਨਿਟੀ, ਮਾਣਹਾਨੀ, ਮਾਨਸਿਕ ਤਸ਼ੱਦਦ,ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਕੀ ਸੀ ਮਾਮਲਾ ?
ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ ਵਲੋਂ ਅਚਾਨਕ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦਿਆ ਉਨ੍ਹਾਂ ਉੱਤੇ ਇਲਜ਼ਾਮ ਲਾਏ ਗਏ ਸਨ। ਸਿੱਧੂ ਦੀ ਭੈਣ ਤੂਰ ਨੇ ਪ੍ਰੈਸ ਸਾਹਮਣੇ ਆ ਕੇ ਸਿੱਧੂ ਉੱਤੇ ਜ਼ਿਆਦਤੀ ਦੇ ਇਲਜ਼ਾਮ ਲਗਾਏ ਸਨ। ਉਨ੍ਹਾਂ ਕਿਹਾ ਸੀ ਕਿ ਸਿੱਧੂ ਕਾਰਨ ਉਨ੍ਹਾਂ ਦੀ ਮਾਂ ਨੂੰ ਘਰ ਤੋਂ ਬਾਹਰ ਕੱਢਿਆ ਸੀ ਅਤੇ ਰੇਲਵੇ ਸਟੇਸ਼ਨ ਉੱਤੇ ਮਾਂ ਦੀ ਲਾਵਾਰਸ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਪ੍ਰੈਸ ਕਾਨਫਰੰਸ ਕਰਦਿਆਂ ਸੁਮਨ ਤੂਰ ਭਾਵੁਕ ਹੋ ਗਈ ਅਤੇ ਰੋ-ਰੋ ਕੇ ਉਨ੍ਹਾਂ ਨੇ ਆਪਣੀ ਮਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਸੀ।
'ਸਿੱਧੂ ਨੂੰ ਮਿਲਣ ਗਈ ਸੀ ਅੰਮ੍ਰਿਤਸਰ ਘਰ'
ਸਿੱਧੂ ਦੀ ਭੈਣ ਹੋਣ ਦਾ ਦਾਅਵਾ ਕਰਨ ਵਾਲੀ ਸੁਮਨ ਤੂਰ ਨੇ ਕਿਹਾ ਸੀ ਕਿ ਉਹ ਨਵਜੋਤ ਸਿੱਧੂ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਮਿਲਣ ਗਈ ਸੀ, ਪਰ ਉਨ੍ਹਾਂ ਨੇ ਗੇਟ ਨਹੀਂ ਖੋਲ੍ਹਿਆ। ਇੱਥੋਂ ਤੱਕ ਕਿ ਉਸ ਦਾ ਮੋਬਾਈਲ ਨੰਬਰ ਵੀ ਬਲਾਕ ਕੀਤਾ ਹੋਇਆ ਹੈ।
'ਸਿੱਧੂ ਦੀ ਸੱਸ ਨੇ ਕੀਤਾ ਘਰ ਬਰਬਾਦ'
ਉਨ੍ਹਾਂ ਕਿਹਾ ਸੀ ਕਿ ਨਵਜੋਤ ਸਿੱਧੂ ਦੀ ਸੱਸ ਜਸਵੀਰ ਕੌਰ ਨੇ ਸਾਡਾ ਘਰ ਬਰਬਾਦ ਕਰ ਦਿੱਤਾ ਹੈ। ਮੈਂ ਕਦੇ ਵੀ ਆਪਣੇ ਜੱਦੀ ਘਰ ਵਾਪਸ ਨਹੀਂ ਜਾ ਸਕੀ। ਅਮਰੀਕਾ ਦੇ ਨਿਊਯਾਰਕ 'ਚ ਰਹਿੰਦੇ ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ ਨੂੰ ਜਦੋਂ ਪੁੱਛਿਆ ਗਿਆ ਸੀ ਕਿ ਉਹ ਇੰਨੇ ਸਾਲਾਂ ਬਾਅਦ ਚੋਣਾਂ ਦੇ ਸਮੇਂ 'ਤੇ ਇਲਜ਼ਾਮ ਕਿਉਂ ਲਗਾ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਮੈਂ ਲੇਖ ਇਕੱਠਾ ਕਰਨਾ ਚਾਹੁੰਦੀ ਸੀ, ਜਿਸ 'ਚ ਨਵਜੋਤ ਸਿੱਧੂ ਨੇ ਮੇਰੇ ਮਾਂ ਅਤੇ ਪਿਤਾ ਦੇ ਵੱਖ
ਹੋਣ ਦਾ ਬਿਆਨ ਦਿੱਤਾ ਸੀ।