ਚੰਡੀਗੜ੍ਹ:ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ (Sidhu Musewala murder case) ਵਿੱਚ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਜਲਦ ਤੋਂ ਜਲਦ ਕਾਤਲਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੂਸੇਵਾਲਾ ਕਤਲ ਮਾਮਲੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਪੁਲਿਸ ਨੇ ਕਤਲ ਨਾਲ ਜੁੜੇ 10 ਸ਼ਾਰਪ ਸ਼ੂਟਰਾਂ ਦੀ ਪਛਾਣ ਕੀਤੀ ਹੈ ਤੇ ਇਹ ਸਾਰੇ ਸ਼ਾਰਪ ਸ਼ੂਟਰ ਲਾਰੈਂਸ ਗੈਂਗ ਨਾਲ ਸਬੰਧਿਤ ਦੱਸੇ ਜਾ ਰਹੇ ਹਨ। ਜਾਣਕਾਰੀ ਇਹ ਵੀ ਹੈ ਕਿ ਇਹ ਸ਼ਾਰਪ ਸ਼ੂਟਰ ਪੰਜਾਬ, ਹਰਿਆਣਾ, ਰਾਜਸਥਾਨ ਨਾਲ ਸਬੰਧ ਰੱਖਦੇ ਹਨ।
ਇਸ ਦੌਰਾਨ ਪੰਜਾਬ ਪੁਲਿਸ ਨੇ ਕੇਕੜਾ ਨਾਮ ਦੇ ਇੱਕ ਵਿਅਕਤੀ ਨੂੰ ਮਾਨਸਾ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਉਹੀ ਸੀ ਜਿਸ ਨੇ ਫੈਨ ਬਣ ਕੇ ਮੂਸੇਵਾਲਾ ਦੀ ਰੇਕੀ ਕੀਤੀ ਸੀ। ਉਸਨੇ ਹੀ ਮੂਸੇਵਾਲਾ ਦੀ ਹਰਕਤ ਬਾਰੇ ਸ਼ਾਰਪ ਸ਼ੂਟਰਾਂ ਨੂੰ ਸੂਚਿਤ ਕੀਤਾ ਸੀ। ਇੱਥੇ ਬਾਕੀ ਸ਼ੂਟਰਾਂ ਦੀ ਸ਼ਨਾਖਤ ਤੋਂ ਬਾਅਦ ਹੁਣ ਇਨ੍ਹਾਂ 4 ਰਾਜਾਂ ਦੀ ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੂੰ ਹਥਿਆਰ ਅਤੇ ਗੱਡੀਆਂ ਦੇਣ ਵਾਲੇ, ਕਤਲ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਰਹਿਣ ਲਈ ਥਾਂ ਦੇਣ ਵਾਲਿਆਂ 'ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ।
ਸਿੱਧੂ ਦਾ ਫੈਨ ਬਣ ਕੇ ਕੀਤੀ ਗਈ ਸੀ ਰੇਕੀ: ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਕਿ ਕੇਕੜਾ ਆਪਣੇ ਸਾਥੀ ਸਮੇਤ ਮੂਸੇਵਾਲਾ ਦਾ ਫੈਨ ਬਣ ਕੇ ਪਿੰਡ ਮੂਸੇ ਪਹੁੰਚਿਆ ਸੀ। ਪੰਜਾਬ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਸੰਦੀਪ ਕੇਕੜਾ ਨਾਮ ਦਾ ਮੁਲਜ਼ਮ ਸਿਰਸਾ ਦੇ ਕਾਲਿਆਂਵਾਲੀ ਦਾ ਰਹਿਣ ਵਾਲਾ ਹੈ।
ਉਸ ਨੇ ਉੱਥੇ ਚਾਹ ਪੀਤੀ ਅਤੇ ਇਸ ਤੋਂ ਬਾਅਦ ਸੈਲਫੀ ਲਈ। ਉਹ ਕਰੀਬ 45 ਮਿੰਟ ਤੱਕ ਉੱਥੇ ਰਹੇ। ਇਸੀ ਬਹਾਨੇ ਇਹ ਵੀ ਦੇਖਿਆ ਗੰਨਮੈਨ ਮੂਸੇਵਾਲਾ ਨਾਲ ਜਾ ਰਹੇ ਹਨ ਜਾਂ ਨਹੀਂ? ਫਿਰ ਜਿਵੇਂ ਹੀ ਮੂਸੇਵਾਲਾ ਬਿਨ੍ਹਾਂ ਸਕਿਉਰਟੀ ਥਾਰ ਜੀਪ ਲੈ ਕੇ ਰਵਾਨਾ ਹੋਏ, ਤਾਂ ਕੇਕੜੇ ਨੇ ਸ਼ਾਰਪ ਸ਼ੂਟਰਾਂ ਨੂੰ ਸੁਚੇਤ ਕਰ ਦਿੱਤਾ। ਇਸ ਤੋਂ ਬਾਅਦ ਥੋੜ੍ਹੀ ਦੂਰੀ 'ਤੇ ਪਹੁੰਚਦੇ ਹੀ ਮੂਸੇਵਾਲਾ ਨੂੰ ਮਾਰ ਦਿੱਤਾ ਗਿਆ।
ਮੂਸੇਵਾਲਾ ਕਤਲੇਆਮ ਵਿੱਚ 8 ਸ਼ੂਟਰ ਸ਼ਾਮਲ:ਦੱਸ ਦੇਈਏ ਕਿ ਪੰਜਾਬ ਪੁਲਿਸ ਅਨੁਸਾਰ ਤਰਨਤਾਰਨ ਦੇ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਮੰਨੂ ਪੰਜਾਬ ਦੇ, ਪ੍ਰਿਅਵਰਤ ਫ਼ੌਜੀ ਤੇ ਮਨਪ੍ਰੀਤ ਭੋਲੂ ਵਾਸੀ ਸੋਨੀਪਤ, ਹਰਿਆਣਾ, ਸੰਤੋਸ਼ ਜਾਧਵ ਤੇ ਸੌਰਵ ਮਹਾਕਾਲ ਵਾਸੀ ਪੁਣੇ, ਮਹਾਰਾਸ਼ਟਰ, ਰਾਜਸਥਾਨ ਦੇ ਸੀਕਰ ਵਾਸੀ ਸੁਭਾਸ਼ ਬਨੂਦਾ, ਹਰਕਮਲ ਸਿੰਘ, ਬਠਿੰਡਾ, ਪੰਜਾਬ ਦੀ ਰਾਣੂ ਸ਼ਾਮਲ ਸਨ।