ਜੈਪੁਰ। ਪੰਜਾਬ ਪੁਲਿਸ ਨੇ ਵੀਰਵਾਰ ਦੁਪਹਿਰ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਇੱਕ ਬਦਮਾਸ਼ ਨੂੰ ਰਾਜਧਾਨੀ ਜੈਪੁਰ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਪੰਜਾਬ ਲੈ ਗਈ ਹੈ।
ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਹੋਣ ਦੇ ਆਰੋਪ ਵਿੱਚ ਦਾਨਾਰਾਮ ਜਾਟ (24) ਵਾਸੀ ਲੁੰਕਰਨਸਰ, ਬੀਕਾਨੇਰ ਨੂੰ ਜੈਪੁਰ ਕੇਂਦਰੀ ਜੇਲ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ, ਦਾਨਾਰਾਮ ਬੀਕਾਨੇਰ ਦੇ ਬਦਮਾਸ਼ ਰੋਹਿਤ ਗੋਦਾਰਾ ਦੇ ਗਿਰੋਹ ਦਾ ਮੈਂਬਰ ਹੈ। ਦਾਨਾਰਾਮ ਨੂੰ ਉਸ ਦੇ 2 ਹੋਰ ਸਾਥੀਆਂ ਸਮੇਤ ਰਾਜਧਾਨੀ ਦੇ ਭੰਕਰੋਟਾ ਥਾਣਾ ਪੁਲਿਸ ਨੇ 22 ਜੂਨ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਭੰਕਰੋਟਾ ਥਾਣੇ ਦੇ ਅਧਿਕਾਰੀ ਰਵਿੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ 22 ਜੂਨ ਨੂੰ ਬੀਕਾਨੇਰ ਦੇ 3 ਬਦਮਾਸ਼ ਰਾਜਿੰਦਰ ਸਿੰਘ ਉਰਫ ਰਾਜੂ, ਦਾਨਾਰਾਮ ਜਾਟ ਅਤੇ ਹਰੀਓਮ ਰਾਮਾਵਤ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਸੀ। ਤਿੰਨਾਂ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਦਾਲਤ 'ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਅਤੇ ਹੁਣ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਬਦਮਾਸ਼ ਦਾਨਾਰਾਮ ਜਾਟ ਦੀ ਭੂਮਿਕਾ ਸਾਹਮਣੇ ਆ ਗਈ ਹੈ।