ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ(Shiromani Akali Dal Foundation Day) 14 ਦਸੰਬਰ, 1920 ਨੂੰ ਸਿੱਖਾਂ ਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਤੋਂ ਠੀਕ ਇੱਕ ਮਹੀਨੇ ਬਾਅਦ ਕੀਤੀ ਗਈ।
ਸ਼੍ਰੋਮਣੀ ਅਕਾਲੀ ਦਲ ਨੇ 14 ਦਸੰਬਰ 2020 ਨੂੰ ਆਪਣੀ ਰਚਨਾ ਦੇ 100 ਸਾਲ ਪੂਰੇ ਕੀਤੇ ਅਤੇ ਅੱਜ ਅਸੀਂ 101ਵਾਂ ਸਥਾਪਨਾ ਦਿਵਸ ਮਨਾ ਰਹੇ ਹਾਂ। 101 ਸਾਲ ਦੀ ਯਾਤਰਾ 'ਚ ਅਕਾਲੀ ਦਲ ਦੀ ਲੀਡਰਸ਼ਿਪ 'ਚ ਕਈ ਵਾਰ ਟਕਰਾਅ ਵੀ ਹੋਏ।
ਆਓ ਇਤਿਹਾਸ 'ਤੇ ਝਾਤ ਮਾਰੀਏ
ਸਿੱਖ ਪੰਜਾਬ ਦੀ ਕੁੱਲ ਆਬਾਦੀ 'ਚ ਸਿਰਫ਼ 13 ਫ਼ੀਸਦੀ ਸਨ, ਪਰ ਸਿੱਖਿਆ ਕਾਰਨ ਸਰਕਾਰੀ ਨੌਕਰੀਆਂ ਵਿੱਚ ਭਾਈਚਾਰੇ ਦੀ ਹਿੱਸੇਦਾਰੀ ਲਗਭਗ 20 ਫ਼ੀਸਦੀ ਸੀ। 1916 ਦੇ ‘ਲਖਨਊ ਪੈਕਟ’ ਵਿੱਚ ਸੁੰਦਰ ਸਿੰਘ ਮਜੀਠੀਆ ਵਰਗੇ ਸਿੱਖ ਆਗੂਆਂ ਦੀ ਨੁਮਾਇੰਦਗੀ ਅਤੇ ਕੁਝ ਅੰਗਰੇਜ਼ ਅਫ਼ਸਰਾਂ ਦੀਆਂ ਸਿਫ਼ਾਰਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਪਛਾਣ ਇੱਕ ਸੁਤੰਤਰ ਭਾਈਚਾਰੇ ਵਜੋਂ ਨਹੀਂ ਕੀਤੀ ਗਈ।
ਸਿੱਖ ਸਾਰੇ ਪੰਜਾਬ ਵਿੱਚ ਫੈਲੇ ਹੋਏ ਸਨ ਅਤੇ ਕਿਸੇ ਖਾਸ ਖੇਤਰ ਵਿੱਚ ਕੇਂਦਰਿਤ ਨਹੀਂ ਸਨ। ਬਹੁਤੇ ਕੁਲੀਨ ਸਿੱਖ ਅੰਗਰੇਜ਼ਾਂ ਨਾਲ ਮਿਲ ਹੋਏ ਸਨ ਅਤੇ ਉਨ੍ਹਾਂ ਨੇ ਅਕਾਲੀ ਦਲ ਦੀਆਂ ਗਤੀਵਿਧੀਆਂ ਵਿੱਚ ਬਹੁਤੀ ਦਿਲਚਸਪੀ ਨਹੀਂ ਦਿਖਾਈ। ਇਹੀ ਕਾਰਨ ਸੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਜ਼ਿਆਦਾਤਰ ਪੇਂਡੂ ਖੇਤਰਾਂ ਤੋਂ ਆਈ ਸੀ।
ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਾ ਉਦੇਸ਼
ਪਹਿਲਾਂ ਉਦੇਸ਼ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਮੁਕਤ ਕਰਾਉਣਾ ਅਤੇ ਸ਼੍ਰੋਮਣੀ ਕਮੇਟੀ ਦਾ ਕੰਟਰੋਲ ਕਾਇਮ ਕਰਨਾ ਸੀ। ਪਾਰਟੀ ਦਾ ਗਠਨ ਉਸ ਸਮੇਂ ਕੀਤਾ ਗਿਆ ਸੀ ਜਦੋਂ ਮਹਾਤਮਾ ਗਾਂਧੀ ਅਹਿੰਸਾ ਅਤੇ ਸਿਵਲ-ਅਨਿਆਕਾਰੀ ਦਾ ਪ੍ਰਯੋਗ ਕਰ ਰਹੇ ਸਨ। ਪਰ ਇਹ ਸ਼੍ਰੋਮਣੀ ਅਕਾਲੀ ਦਲ ਹੀ ਸੀ ਜਿਸ ਨੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਅਹਿੰਸਾ ਦੀ ਵਰਤੋਂ ਕਰਕੇ ਅੰਗਰੇਜ਼ਾਂ ਵਿਰੁੱਧ ਖੜ੍ਹੇ ਹੋਣ ਦੀ ਹਿੰਮਤ ਦਿਖਾਈ ਅਤੇ ਵਿਦੇਸ਼ੀ ਪ੍ਰੈਸ ਵਿੱਚ ਵੀ ਛਾਈ ਹੋਈ ਸੀ।
ਸਿੱਖ ਗੁਰਦੁਆਰਾ ਐਕਟ 1925 ਦੇ ਨਾਲ ਖ਼ਤਮ ਹੋਏ ਪੰਜ ਸਾਲਾਂ ਦੇ ਲੰਬੇ ਅੰਦੋਲਨ ਵਿੱਚ ਲਗਭਗ 500 ਸਿੱਖਾਂ ਦੀ ਮੌਤ ਹੋ ਗਈ ਅਤੇ 40,000 ਗ੍ਰਿਫ਼ਤਾਰ ਕੀਤੇ ਗਏ। 1921 ਵਿੱਚ ਗਯਾ ਵਿਖੇ ਆਪਣੇ ਰਾਸ਼ਟਰੀ ਇਜਲਾਸ ਦੌਰਾਨ ਪਾਸ ਕੀਤੇ ਗਏ ਕਾਂਗਰਸ ਪਾਰਟੀ ਦੇ ਮਤੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਅਹਿੰਸਾ ਲਈ ਅਕਾਲੀਆਂ ਦੀ ਪ੍ਰਸ਼ੰਸਾ ਵੀ ਕੀਤੀ ਗਈ।