ਹੈਦਰਾਬਾਦ:ਦੁਨੀਆ ਦੇ ਮਹਾਨ ਸਪਿਨਰਾਂ ਵਿੱਚੋਂ ਇੱਕ ਸ਼ੇਨ ਵਾਰਨ ਦਾ 52 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਆਪਣੇ ਕਰੀਅਰ ਵਿੱਚ 708 ਟੈਸਟ ਵਿਕਟਾਂ ਲੈਣ ਵਾਲੇ ਵਾਰਨ ਥਾਈਲੈਂਡ ਵਿੱਚ ਆਪਣੇ ਵਿਲਾ ਵਿੱਚ ਬੇਹੋਸ਼ ਪਾਏ ਗਏ ਸਨ। ਉਨ੍ਹਾਂ ਦੇ ਪ੍ਰਬੰਧਨ ਨੇ ਬਾਅਦ ਵਿੱਚ ਵਾਰਨ ਦੀ ਮੌਤ ਦੀ ਪੁਸ਼ਟੀ ਕੀਤੀ। ਫੌਕਸ ਸਪੋਰਟਸ ਨਿਊਜ਼ ਦੇ ਮੁਤਾਬਕ ਵਾਰਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ।
ਦੱਸ ਦੇਈਏ ਕਿ ਵਾਰਨ ਨੇ ਸ਼ੁੱਕਰਵਾਰ ਸਵੇਰੇ ਆਸਟ੍ਰੇਲੀਆ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਰਾਡ ਮਾਰਸ਼ ਦੀ ਮੌਤ 'ਤੇ ਟਵੀਟ ਕੀਤਾ ਸੀ। ਇਸ 'ਚ ਉਨ੍ਹਾਂ ਮਾਰਸ਼ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਸੀ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਟਵੀਟ ਸਾਬਤ ਹੋਇਆ।
ਖਬਰਾਂ ਮੁਤਾਬਕ ਵਾਰਨ ਥਾਈਲੈਂਡ ਦੇ ਕੋਹ ਸਾਮੂਈ 'ਚ ਸਮਾਂ ਬਿਤਾ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਵਾਰਨ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਵਾਰਨ ਦੇ ਪ੍ਰਬੰਧਨ ਮੁਤਾਬਕ ਸ਼ੇਨ ਵਾਰਨ ਥਾਈਲੈਂਡ ਦੇ ਕੋਹ ਸਾਮੂਈ 'ਚ ਇੱਕ ਵਿਲਾ 'ਚ ਬੇਹੋਸ਼ ਪਾਏ ਗਏ ਸਨ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਬਚਾਇਆ ਨਹੀਂ ਜਾ ਸਕਿਆ। ਸ਼ੇਨ ਵਾਰਨ ਨੇ ਭਾਰਤ ਦੇ ਖਿਲਾਫ਼ 1992 ਵਿੱਚ ਸਿਡਨੀ ਟੈਸਟ ਵਿੱਚ ਭਾਰਤ ਦੇ ਖਿਲਾਫ਼ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਉਨ੍ਹਾਂ ਨੇ ਆਪਣਾ ਆਖਰੀ ਟੈਸਟ ਮੈਚ ਜਨਵਰੀ 2007 ਵਿੱਚ ਸਿਡਨੀ ਵਿੱਚ ਹੀ ਇੰਗਲੈਂਡ ਦੇ ਖਿਲਾਫ਼ ਖੇਡਿਆ ਸੀ।
ਵਿਕਟੋਰੀਆ ਵਿੱਚ 13 ਸਤੰਬਰ 1969 ਨੂੰ ਜਨਮੇ ਵਾਰਨ ਨੇ ਆਪਣੇ ਕਰੀਅਰ ਵਿੱਚ 145 ਟੈਸਟ, 194 ਵਨ ਡੇਅ ਅੰਤਰਰਾਸ਼ਟਰੀ ਮੈਚ ਖੇਡੇ। ਉਨ੍ਹਾਂ ਨੇ ਟੈਸਟ ਵਿੱਚ 708 ਵਿਕਟਾਂ ਅਤੇ ਵਨਡੇ ਵਿੱਚ 293 ਵਿਕਟਾਂ ਲਈਆਂ। ਇਸ ਤੋਂ ਇਲਾਵਾ ਫਰਸਟ ਕਲਾਸ ਕ੍ਰਿਕਟ 'ਚ ਉਨ੍ਹਾਂ ਦੇ ਨਾਂ 1319 ਵਿਕਟਾਂ ਦਰਜ ਹਨ।
ਇਹ ਵੀ ਪੜ੍ਹੋ:ਸ਼ੇਨ ਵਾਰਨ ਨੇ ਲਏ ਸੀ ਅਜਿਹੇ ਵਿਕੇਟ, ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ, ਵੇਖੋ ਵੀਡੀਓ