ਚੰਡੀਗੜ੍ਹ : ਭਾਜਪਾ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਲੀ ਦੇ ਸਿੱਖਾਂ ਦੇ ਭਾਜਪਾ 'ਚ ਸ਼ਾਮਲ ਹੋਣ ਨੂੰ ਲੈ ਕੇ ਦਿੱਤੇ ਬਿਆਨ ਨੂੰ ਬੇਹੱਦ ਮੰਦਭਾਗਾ ਕਰਾਰ ਦਿੱਤਾ ਹੈ। ਸਿਰਸਾ ਨੇ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਨ, ਉਨ੍ਹਾਂ ਨੂੰ ਸਿੱਖ ਕੌਮ ਦੀ ਲੜਾਈ ਲੜਨ ਦੀ ਥਾਂ ’ਤੇ ਕਿਸੇ ਇੱਕ ਸਿਆਸੀ ਪਾਰਟੀ ਦੀ ਲੜਾਈ ਲੜਨਾ ਸ਼ੋਭਾ ਨਹੀਂ ਦਿੰਦਾ।
ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦਿਆਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਦਿੱਲੀ ਦੇ ਸਿੱਖਾਂ ਦਾ ਭਾਜਪਾ ’ਚ ਜਾਣਾ ਰੜਕ ਰਿਹਾ ਹੈ ਪਰ ਜਦੋਂ ਪੰਜਾਬ ਦੇ ਸਿੱਖ ਈਸਾਈ ਧਰਮ ’ਚ ਸ਼ਾਮਲ ਹੋ ਰਹੇ ਹਨ, ਉਨ੍ਹਾਂ ਨੂੰ ਉਸ ਦਾ ਵੀ ਅਫਸੋਸ ਜਾਂ ਦੁੱਖ ਵੀ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ’ਚ ਸਿੱਖ ਈਸਾਈ ਬਣ ਰਹੇ ਹਨ ਪਰ ਉਨ੍ਹਾਂ ਚੁੱਪ ਧਾਰੀ ਹੋਈ ਤੇ ਉਨ੍ਹਾਂ ਨੂੰ ਕੋਈ ਅਫਸੋਸ ਨਹੀਂ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ, ਜਦੋਂ ਇਸੇ ਮਹੀਨੇ 12 ਤਾਰੀਖ਼ ਨੂੰ ਅਲਵਰ ’ਚ ਇਕ ਸਿੱਖ ਬੱਚੀ ਨਾਲ ਜਬਰ-ਜ਼ਿਨਾਹ ਹੋਇਆ ਤੇ ਅਤਿਅੰਤ ਘਿਨੌਣਾ ਵਤੀਰਾ ਹੋਇਆ ਤਾਂ ਉਦੋਂ ਵੀ ਐਡਵੋਕੇਟ ਧਾਮੀ ਨੂੰ ਕੋਈ ਅਫਸੋਸ ਨਹੀਂ ਹੋਇਆ ਤੇ ਕੋਈ ਦੁੱਖ ਨਹੀਂ ਲੱਗਾ।
ਇਹ ਵੀ ਪੜ੍ਹੋ :ਮਹਿੰਦਰ ਸਿੰਘ ਕੇਪੀ ਨੂੰ ਮਨਾਉਣ ਪੁੱਜੇ ਵਿਧਾਇਕ ਰਾਜ ਕੁਮਾਰ ਵੇਰਕਾ
ਉਨ੍ਹਾਂ ਕਿਹਾ ਕਿ ਜਦੋਂ ਪਤਿਤ ਪਰਿਵਾਰ ਵਾਲੇ ਕਾਂਗਰਸ ਦੇ ਮੁੱਖ ਮੰਤਰੀ ਦੇ ਪੁੱਤਰ ਦੇ ਵਿਆਹ ਦੀ ਅਰਦਾਸ ਕਰਨ ਜਥੇਦਾਰ ਅਕਾਲ ਤਖਤ ਪਹੁੰਚੇ ਤੁਹਾਨੂੰ ਉਦੋਂ ਵੀ ਦੁੱਖ ਨਾ ਹੋਇਆ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵੱਡੀ ਹੈਰਾਨੀ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਬੇਅਦਬੀ ਕਰਨ ਦੇ ਇਰਾਦੇ ਨਾਲ ਦੋਖੀ ਆਇਆ ਤੇ ਮਾਰ ਦਿੱਤਾ ਗਿਆ ਪਰ ਹਾਲੇ ਤੱਕ ਪਤਾ ਨਹੀਂ ਲਗਾਇਆ ਗਿਆ ਕਿ ਕੌਣ ਬੇਅਦਬੀ ਕਰਨ ਵਾਲੇ ਸਨ ਤੇ ਕੌਣ ਬੇਅਦਬੀ ਕਰਵਾਉਣ ਵਾਲੇ ਸਨ, ਉਦੋਂ ਵੀ ਤੁਹਾਨੂੰ ਕੋਈ ਦੁੱਖ ਨਹੀਂ ਲੱਗਾ।
ਉਹਨਾਂ ਕਿਹਾ ਕਿ ਜੇਕਰ ਦਿੱਲੀ ਅੰਦਰ ਇਹ ਹੋਇਆ ਹੁੰਦਾ ਤਾਂ ਅਸੀਂ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦਿੰਦੇ। ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਇਕ ਵਿਅਕਤੀ ਵਜੋਂ ਤਾਂ ਬਹੁਤ ਚੰਗੇ ਇਨਸਾਨ ਹਨ ਪਰ ਉਹ ਇਕ ਸਿਆਸੀ ਪਾਰਟੀ ਦੇ ਹੱਕ ’ਚ ਭੁਗਤ ਰਹੇ ਹਨ।
ਉਨ੍ਹਾਂ ਕਿਹਾ ਕਿ ਕੌਮ ਨੇ ਤੁਹਾਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਿੱਖਾਂ ਦੇ ਮਸਲੇ ਹੱਲ ਕਰਨ ਲਈ ਬਣਾਇਆ ਹੈ, ਨਾ ਕਿ ਇਸ ਵਾਸਤੇ ਬਣਾਇਆ ਹੈ ਕਿ ਤੁਸੀਂ ਇਕ ਸਿਆਸੀ ਪਾਰਟੀ ਦੇ ਹੱਕ 'ਚ ਗੱਲ ਕਰੋ। ਉਨ੍ਹਾਂ ਕਿਹਾ ਕਿ ਜੋ ਦਸਵੰਧ ਦੀ ਮਾਇਆ ਉਥੇ ਆਉਂਦੀ ਹੈ, ਉਹ ਸਿੱਖੀ ਦੇ ਪ੍ਰਚਾਰ ਲਈ ਤੇ ਸਿੱਖ ਕੌਮ ਦੀ ਸੇਵਾ ਲਈ ਆਉਂਦੀ ਹੈ, ਨਾ ਕਿ ਇਕ ਸਿਆਸੀ ਪਾਰਟੀ ਦੇ ਹੱਕ ਵਿਚ ਕੰਮ ਕਰਨ ਲਈ ਆਉਂਦੀ ਹੈ। ਉਨ੍ਹਾਂ ਕਿਹਾ ਕਿ ਧਾਮੀ ਦਾ ਇਹ ਰਵੱਈਆ ਬਹੁਤ ਗਲਤ ਹੈ।
ਇਹ ਵੀ ਪੜ੍ਹੋ :ਸੰਯੁਕਤ ਸਮਾਜ ਮੋਰਚੇ ਵੱਲੋਂ ਨਹੀਂ ਜਾਰੀ ਕੀਤੀ ਗਈ ਦੂਜੀ ਲਿਸਟ