ਇੰਫਾਲ: ਮਨੀਪੁਰ ਦੇ ਪੱਛਮੀ ਇੰਫਾਲ ਜ਼ਿਲ੍ਹੇ 'ਚ ਸੋਮਵਾਰ ਸਵੇਰੇ ਦੋ ਹਥਿਆਰਬੰਦ ਸਮੂਹਾਂ ਵਿਚਾਲੇ ਮੁਕਾਬਲੇ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਮੁਕਾਬਲੇ ਵਿੱਚ ਤਿੰਨ ਲੋਕ ਮਾਰੇ ਗਏ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮਿਲੀ ਹੈ ਕਿ ਇਹ ਘਟਨਾ ਜ਼ਿਲ੍ਹੇ ਦੇ ਕੰਗਚੁਪ ਇਲਾਕੇ ਵਿੱਚ ਵਾਪਰੀ ਹੈ। ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਇੰਫਾਲ ਦੇ ਇੱਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਕਾਕਿੰਗ ਜ਼ਿਲ੍ਹੇ ਦੇ ਸੇਰੋ 'ਚ ਦੋ ਗੁੱਟਾਂ ਵਿਚਾਲੇ ਹੋਈ ਗੋਲੀਬਾਰੀ 'ਚ ਚਾਰ ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਗੋਲੀ ਲੱਗਣ ਕਾਰਨ ਜ਼ਖਮੀ ਬੀਐਸਐਫ ਜਵਾਨ ਰਣਜੀਤ ਯਾਦਵ ਦੀ ਮੌਤ ਹੋ ਗਈ ਹੈ।
ਸ਼ੱਕੀ ਕੁਕੀ ਅੱਤਵਾਦੀਆਂ ਨੇ ਕੀਤਾ ਹਮਲਾ:ਇਸ ਤੋਂ ਪਹਿਲਾਂ 3 ਜੂਨ ਦੀ ਰਾਤ ਨੂੰ ਇੰਫਾਲ ਪੱਛਮੀ ਜ਼ਿਲ੍ਹੇ ਦੇ ਦੋ ਪਿੰਡਾਂ 'ਤੇ ਬੰਬਾਂ ਅਤੇ ਹਥਿਆਰਾਂ ਨਾਲ ਲੈਸ ਸ਼ੱਕੀ ਕੁਕੀ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਜਿਸ 'ਚ ਘੱਟੋ-ਘੱਟ 15 ਲੋਕ ਜ਼ਖਮੀ ਹੋ ਗਏ ਸਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫੇਏਂਗ ਅਤੇ ਕਾਂਗਚੁਪ ਚਿੰਗਖੋਂਗ ਪਿੰਡਾਂ 'ਚ ਤਾਇਨਾਤ ਸੂਬਾ ਪੁਲਿਸ ਅਤੇ ਮਨੀਪੁਰ ਰਾਈਫਲਜ਼ ਦੇ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਕਾਰਨ ਦੋਹਾਂ ਪੱਖਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ ਇਹ ਮੁਕਾਬਲਾ ਚਾਰ ਘੰਟੇ ਤੋਂ ਵੱਧ ਚੱਲਿਆ। ਇਸ ਤੋਂ ਬਾਅਦ ਅੱਤਵਾਦੀ ਨੇੜੇ ਦੀਆਂ ਪਹਾੜੀਆਂ ਵੱਲ ਭੱਜ ਗਏ ਸਨ।