ਮੁੰਬਈ:ਮਹਾਰਾਸ਼ਟਰ 'ਚ ਸਿਆਸੀ ਸੰਕਟ ਦਰਮਿਆਨ ਏਕਨਾਥ ਸ਼ਿੰਦੇ ਧੜੇ 'ਚ ਸ਼ਾਮਲ ਸ਼ਿਵ ਸੈਨਾ ਦੇ ਵਿਧਾਇਕ ਨਿਤਿਨ ਦੇਸ਼ਮੁਖ ਸੂਰਤ ਤੋਂ 'ਭਗੌੜੇ' ਬੁੱਧਵਾਰ ਨੂੰ ਨਾਗਪੁਰ ਪਹੁੰਚ ਗਏ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਪਣੇ ਆਪ ਨੂੰ ਅਗਵਾ ਕਰਨ ਦਾ ਦੋਸ਼ ਲਾਇਆ। ਦੇਸ਼ਮੁਖ ਨੇ ਕਿਹਾ ਕਿ ਉਹ ਮੁੱਖ ਮੰਤਰੀ ਊਧਵ ਠਾਕਰੇ ਦੇ ਨਾਲ ਹਨ।
ਸ਼ਿਵ ਸੈਨਾ ਦੇ ਵਿਧਾਇਕ ਨਿਤਿਨ ਦੇਸ਼ਮੁਖ ਨੇ ਕਿਹਾ ਕਿ 100-150 ਪੁਲਿਸ ਵਾਲੇ ਮੈਨੂੰ ਹਸਪਤਾਲ ਲੈ ਗਏ ਅਤੇ ਬਹਾਨਾ ਲਾਇਆ ਕਿ ਮੈਨੂੰ ਦੌਰਾ ਪਿਆ ਹੈ। ਹਸਪਤਾਲ ਵਿੱਚ ਮੈਨੂੰ ਜ਼ਬਰਦਸਤੀ ਟੀਕਾ ਲਗਾਇਆ ਗਿਆ। ਉਹ ਟੀਕੇ ਕੀ ਸਨ, ਮੈਨੂੰ ਨਹੀਂ ਪਤਾ। ਮੈਨੂੰ ਬੇਹੋਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਜੋ ਮੈਨੂੰ ਕੁਝ ਸਮਝ ਨਾ ਆਵੇ। ਉਹ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ। ਮੈਂ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਹਾਂ। ਮੈਂ ਊਧਵ ਠਾਕਰੇ ਦੇ ਨਾਲ ਹਾਂ ਅਤੇ ਸ਼ਿਵ ਸੈਨਾ ਵਿੱਚ ਰਹਾਂਗਾ।
ਦੱਸ ਦੇਈਏ ਕਿ ਨਿਤਿਨ ਦੇਸ਼ਮੁਖ ਨੂੰ ਮੰਗਲਵਾਰ ਨੂੰ ਸੂਰਤ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਬਾਗ਼ੀ ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ ਮੰਗਲਵਾਰ ਰਾਤ ਨਿਤਿਨ ਦੇਸ਼ਮੁਖ ਨੂੰ ਮਿਲਣ ਹਸਪਤਾਲ ਪਹੁੰਚੇ ਸਨ। ਦੱਸਿਆ ਗਿਆ ਕਿ ਸੋਮਵਾਰ ਰਾਤ ਦੇਸ਼ਮੁਖ ਦੀ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹੋਟਲ ਤੋਂ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਉਨ੍ਹਾਂ ਦੀ ਬੀਮਾਰੀ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਮੰਤਰੀ ਏਕਨਾਥ ਸ਼ਿੰਦੇ ਮੰਗਲਵਾਰ ਸਵੇਰੇ ਸ਼ਿਵ ਸੈਨਾ ਦੇ ਖਿਲਾਫ ਬਗਾਵਤ ਕਰਦੇ ਹੋਏ ਪਾਰਟੀ ਦੇ 30 ਵਿਧਾਇਕਾਂ ਨਾਲ ਸੂਰਤ ਪਹੁੰਚੇ ਸਨ। ਸਾਰੇ ਵਿਧਾਇਕਾਂ ਨੂੰ ਇੱਥੇ ਇੱਕ ਹੋਟਲ ਵਿੱਚ ਠਹਿਰਾਇਆ ਗਿਆ ਸੀ, ਪਰ ਬੁੱਧਵਾਰ ਸਵੇਰੇ ਉਨ੍ਹਾਂ ਨੂੰ ਗੁਹਾਟੀ ਭੇਜ ਦਿੱਤਾ ਗਿਆ। ਏਕਨਾਥ ਸ਼ਿੰਦੇ ਦੇ ਧੜੇ ਵਿੱਚ ਨਿਤਿਨ ਦੇਸ਼ਮੁਖ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ:ਮਹਾਰਾਸ਼ਟਰ ਸਿਆਸੀ ਸੰਕਟ: ਊਧਵ ਠਾਕਰੇ ਮੁੱਖ ਮੰਤਰੀ ਦੇ ਅਹੁਦੇ ਤੋਂ ਦੇ ਸਕਦੇ ਹਨ ਅਸਤੀਫਾ