ਜਲੰਧਰ: ਜਲੰਧਰ ਦੇ ਕਸਬਾ ਗੁਰਾਇਆ ਦੇ ਨਜ਼ਦੀਕੀ ਪਿੰਡ ਬੋਪਾਰਾਏ ਵਿਖੇ ਇੱਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਬੀਤੀ ਰਾਤ ਘਰ ਦੇ ਸਾਰੇ ਹੀ ਮੈਂਬਰ ਹਸਪਤਾਲ ਚਲੇ ਗਏ ਅਤੇ ਪਿੱਛੋਂ ਚੋਰ ਘਰ ਵਿੱਚ ਵੜ ਕੇ ਲੱਖਾਂ ਰੁਪਏ ਦਾ ਸਾਮਾਨ ਅਤੇ ਲੱਖਾਂ ਰੁਪਏ ਨਕਦੀ ਲੈ ਕੇ ਰਫੂਚੱਕਰ ਹੋ ਗਏ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੋਰਾਇਆ ਦੇ ਪਿੰਡ ਬੋਪਾਰਾਏ ਦੇ ਬੇਅੰਤ ਕਲੋਨੀ ਵਿੱਚ ਰਹਿਣ ਵਾਲੇ ਪੀੜਿਤ ਗੁਣਹੀਣ ਖ਼ਾਨ ਅਤੇ ਉਸ ਦੀ ਪਤਨੀ ਹਿਨਾ ਖਾਨ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੀ ਅਚਾਨਕ ਹਾਲਤ ਖਰਾਬ ਹੋ ਗਈ ਸੀ। ਜਿਸ ਤੋਂ ਬਾਅਦ ਉਹ ਆਪਣੇ ਗੁਆਂਢੀ ਮੁਹੰਮਦ ਅੱਲ੍ਹਬ ਨੂੰ ਘਰ ਦੀ ਚਾਬੀ ਦੇ ਕੇ ਹਸਪਤਾਲ ਵਿੱਚ ਚਲੇ ਗਏ ਅਤੇ ਉਸਨੂੰ ਇਹ ਵੀ ਕਹਿ ਦਿੱਤਾ ਸੀ ਕਿ ਘਰ ਦਾ ਖਿਆਲ ਰੱਖਿਓ ਸਾਡੇ ਘਰ ਹੀ ਸੌ ਜਾਇਓ।
ਪਰ ਜਦੋਂ ਸਵੇਰੇ ਘਰ ਦੇ ਮਾਲਕਾਂ ਨੇ ਘਰ ਆ ਕੇ ਦੇਖਿਆ ਤਾਂ ਉਨ੍ਹਾਂ ਦੇ ਘਰ ਵਿੱਚ ਸਾਰਾ ਸਾਮਾਨ ਬਿਖਰਿਆ ਹੋਇਆ ਸੀ ਅਤੇ ਅਲਮਾਰੀ ਵਿਚੋਂ 3 ਤੋਲੇ ਦੇ ਕਰੀਬ ਸੋਨਾ ਅਤੇ ਸਾਢੇ ਤਿੰਨ ਲੱਖ ਰੁਪਏ ਨਕਦੀ ਤੇ 11 ਸੌ ਰੁਪਏ ਡਾਲਰ ਗਾਇਬ ਹੋ ਚੁੱਕੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਗੁਆਂਢੀ ਨੂੰ ਪੁੱਛਿਆ ਤਾਂ ਗੁਆਂਢੀ ਨੇ ਕਿਹਾ ਕਿ ਉਹ ਤਾਂ ਘਰ ਨੂੰ ਤਾਲਾ ਲਾ ਕੇ ਆਪਣੇ ਘਰ ਸੌਂ ਗਿਆ ਸੀ, ਉਸਨੂੰ ਇਸ ਚੋਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ।