ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿੱਚ ਵੱਡੀ ਕਮੀ ਸਾਹਮਣੇ ਆਈ ਹੈ। ਮੰਗਲਵਾਰ ਨੂੰ ਮੁੱਖ ਮੰਤਰੀ ਨਿਵਾਸ ਨੇੜੇ ਨੋ ਫਲਾਈ ਜ਼ੋਨ ਵਿੱਚ ਇੱਕ ਡਰੋਨ ਉੱਡਦਾ ਦੇਖਿਆ ਗਿਆ। ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਉਸ ਵਿਅਕਤੀ ਦੀ ਤਲਾਸ਼ ਕਰ ਰਹੀ ਹੈ ਜੋ ਡਰੋਨ ਉਡਾ ਰਿਹਾ ਸੀ। ਹਾਲਾਂਕਿ ਇਸ ਮਾਮਲੇ 'ਚ ਅਜੇ ਤੱਕ ਕਿਸੇ ਵਿਅਕਤੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਉੱਚ ਸੁਰੱਖਿਆ ਖੇਤਰ ਹੈ: ਜਿਸ ਥਾਂ 'ਤੇ ਇਹ ਡਰੋਨ ਦੇਖਿਆ ਗਿਆ ਹੈ, ਉਹ ਉੱਚ ਸੁਰੱਖਿਆ ਖੇਤਰ ਹੈ ਅਤੇ ਇਸ ਖੇਤਰ 'ਚ ਡਰੋਨ ਉਡਾਉਣ ਦੀ ਮਨਾਹੀ ਹੈ। ਦਿੱਲੀ ਪੁਲਿਸ ਨੇ ਡਰੋਨ ਉਡਾਣ ਦੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਜਸੋਲਾ ਵਿਹਾਰ 'ਚ ਮੈਟਰੋ ਟ੍ਰੈਕ 'ਤੇ ਇਕ ਡਰੋਨ ਵੀ ਮਿਲਿਆ ਸੀ। ਤਫ਼ਤੀਸ਼ ਵਿੱਚ ਸਾਹਮਣੇ ਆਇਆ ਕਿ ਡਰੋਨ ਇੱਕ ਮੈਡੀਕਲ ਕੰਪਨੀ ਦਾ ਸੀ, ਜੋ ਨਮੂਨਾ ਲੈ ਕੇ ਜਾ ਰਹੀ ਸੀ ਅਤੇ ਤਕਨੀਕੀ ਨੁਕਸ ਕਾਰਨ ਇਹ ਮੈਟਰੋ ਦੇ ਟ੍ਰੈਕ 'ਤੇ ਡਿੱਗਿਆ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਡਰੋਨ ਵੀ ਲੌਜਿਸਟਿਕ ਡਰੋਨ ਹੈ। ਹਾਲਾਂਕਿ ਉੱਚ ਸੁਰੱਖਿਆ ਵਾਲੇ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੇ ਡਰੋਨ ਨੂੰ ਉਡਾਉਣ ਦੀ ਇਜਾਜ਼ਤ ਨਹੀਂ ਹੈ।