ਨਵੀਂ ਦਿੱਲੀ :ਰਾਜਧਾਨੀ ਦਿੱਲੀ ਵਿੱਚ ਖਾਲਿਸਤਾਨੀ ਸੰਗਠਨ ਨਾਲ ਜੁੜੇ ਪੋਸਟਰ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਾਜਧਾਨੀ ਵਿੱਚ ਕੋਈ ਅੱਤਵਾਦੀ ਹਮਲਾ ਹੋ ਸਕਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦਿੱਲੀ ਐਨਸੀਆਰ ਦੇ ਖੇਤਰਾਂ ਵਿੱਚ ਕਈ ਖਾਲਿਸਤਾਨੀ ਸਲੀਪਰ ਸੈਲ ਐਕਟਿਵ ਹੋ ਗਏ ਹਨ। ਦੂਜੇ ਪਾਸੇ ਖਾਲਿਸਤਾਨ ਦੇ ਹੱਕ ਵਿੱਚ ਪੋਸਟਰ ਲਿਖਣ ਵਾਲੇ ਦੋ ਲੋਕ ਪੁਲਿਸ ਨੇ ਹਿਰਾਸਤ ਵਿੱਚ ਲਏ ਹਨ।
ਕਈ ਇਲਾਕਿਆਂ ਵਿੱਚ ਲੱਗੇ ਪੋਸਟਰ:ਸੁਰੱਖਿਆ ਏਜੰਸੀਆਂ ਮੁਤਾਬਿਕ ਇਹ ਸਲੀਪਰ ਸੈਲ ਦਿੱਲੀ ਵਿੱਚ ਕੋਈ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ। ਹਾਲੀਆ ਦਿਨਾਂ ਵਿੱਚ ਪੱਛਮੀ ਦਿੱਲੀ ਦੇ ਵਿਕਾਸਪੁਰੀ, ਜਨਕਪੁਰੀ, ਪੱਛਿਮ ਵਿਹਾਰ, ਪੀਰਾਗੜ੍ਹੀ ਸਣੇ ਕਈ ਇਲਾਕਿਆਂ ਵਿੱਚ ਖਾਲਿਸਤਾਨ ਦੇ ਹੱਕ ਵਿੱਚ ਪੋਸਟਰ ਲਗਾਏ ਗਏ ਸਨ। ਸੋਸ਼ਲ ਮੀਡੀਆ ਉੱਤੇ ਇਸ ਸੰਬੰਧ ਵਿੱਚ ਵੀਡੀਓ ਵੀ ਵਾਇਰਲ ਹੋਏ ਸੀ। ਸੁਰੱਖਿਆ ਏਜੰਸੀਆਂ ਇਸਨੂੰ ਆਉਣ ਵਾਲੇ ਦਿਨਾਂ ਵਿੱਚ ਕੋਈ ਘਟਨਾ ਹੋਣ ਨਾਲ ਜੋੜ ਰਹੇ ਹਨ।
ਗਣਤੰਤਰ ਦਿਹਾੜੇ ਤੋਂ ਪਹਿਲਾਂ ਲੱਗਿਆ ਸੀ ਪੋਸਟਰ: ਸਿੱਖਸ ਫਾਰ ਜਸਟਿਸ ਨਾਂ ਦੀ ਸੰਸਥਾ ਨੇ ਇਕ ਵੀਡੀਓ ਜਾਰੀ ਕੀਤਾ ਸੀ। ਇਸ ਵਿੱਚ ਆਜਾਦੀ ਪ੍ਰੇਮੀ ਸਿੱਖੋ-ਖਾਲਿਸਤਾਨ ਜਿੰਦਾਬਾਦ, ਪੰਜਾਬ ਬਣੇਗਾ ਖਾਲਿਸਤਾਨ ਵਰਗੇ ਨਾਅਰੇ ਲਗਾਏ ਗਏ ਸਨ। ਇਹ ਦਾਅਵਾ ਕੀਤਾ ਸੀ ਕਿ 26 ਜਨਵਰੀ ਤੱਕ ਦਿੱਲੀ ਨੂੰ ਖਾਲਿਸਤਾਨ ਦੇ ਛਾਪਿਆਂ ਨਾਲ ਭਰ ਦੇਣਗੇ। ਇਨ੍ਹਾਂ ਪੋਸਟਰਾਂ ਨੂੰ ਦਿੱਲੀ ਪੁਲਿਸ ਨੇ ਹਟਾ ਦਿੱਤਾ ਸੀ। ਦੂਜੇ ਪਾਸੇ ਇਸ ਮਾਮਲੇ ਵਿੱਚ ਪੁਲਿਸ ਨੇ 120ਬੀ ਅਤੇ ਦੋ ਭਾਈਚਾਰਿਆਂ ਵਿਚਾਲੇ ਨਫਰਤ ਫੈਲਾਉਣ ਦੀ ਧਾਰਾ 153ਬੀ ਤਹਿਤ ਮਾਮਲਾ ਵੀ ਦਰਜ ਕੀਤਾ ਹੈ।
ਇਹ ਵੀ ਪੜ੍ਹੋ:Arrested with illegal weapons: ਮੋਗਾ ਪੁਲਿਸ ਦੇ ਹੱਥ ਲੱਗਿਆ ਗੈਂਗਸਟਰ ਅਰਸ਼ ਡਾਲਾ ਦਾ ਸਾਥੀ, ਨਾਜ਼ਾਇਜ ਹਥਿਆਰ ਵੀ ਹੋਏ ਬਰਾਮਦ
ਦਿੱਲੀ ਪੁਲਿਸ ਨੇ ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਇਲਾਕੇ ਵਿੱਚ ਚੌਕਸੀ ਵਧਾ ਦਿੱਤੀ ਹੈ। ਸ਼ੱਕੀ ਲੋਕਾਂ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ। ਕਈ ਇਲਾਕਿਆਂ ਵਿੱਚ ਬੈਰੀਕੇਡਿੰਗ ਵੀ ਕੀਤੀ ਗਈ ਹੈ ਤੇ ਪੁੱਛ ਪੜਤਾਲ ਜਾਰੀ ਹੈ। ਰਾਜਧਾਨੀ ਦੀ ਆਬੋ ਹਵਾ ਵਿੱਚ ਖਾਲਿਸਤਾਨ ਸਮਰਥਕਾਂ ਦੀ ਦਹਿਸ਼ਤ ਨਾਲ ਮਾਹੌਲ ਨਾ ਵਿਗੜੇ, ਇਸ ਲਈ ਪੁਲਿਸ ਨੇ ਪਹਿਰਾ ਵਧਾ ਦਿੱਤਾ ਹੈ।