ਦੇਹਰਾਦੂਨ:27 ਜੂਨ ਮੰਗਲਵਾਰ ਨੂੰ ਰਾਜਧਾਨੀ ਦੇਹਰਾਦੂਨ 'ਚ ਭਾਜਪਾ ਦੇ ' 'ਮੇਰਾ ਬੂਥ ਸਭ ਤੋਂ ਮਜ਼ਬੂਤ'' ਪ੍ਰੋਗਰਾਮ ਦੇ ਲਾਂਚਿੰਗ ਪ੍ਰੋਗਰਾਮ 'ਚ ਕਾਫੀ ਹੰਗਾਮਾ ਹੋਇਆ। ਭਾਜਪਾ ਦੇ ਕੁਝ ਯੂਥ ਵਰਕਰਾਂ ਨੇ ਇੱਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰੋਗਰਾਮ ਬਾਰੇ ਜਾਣਕਾਰੀ ਦੇ ਰਹੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮੌਕੇ ਕਈ ਪੁਲਿਸ ਮੁਲਾਜ਼ਮ ਅਤੇ ਸੁਰੱਖਿਆ ਕਰਮਚਾਰੀ ਮੌਜੂਦ ਸਨ ਪਰ ਕਿਸੇ ਨੇ ਵੀ ਮਾਮਲਾ ਸ਼ਾਂਤ ਨਹੀਂ ਕੀਤਾ।
ਘਟਨਾ ਦੌਰਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਧਾਮੀ: ਮੰਗਲਵਾਰ ਨੂੰ ਭਾਜਪਾ ਨੇ ''ਮੇਰਾ ਬੂਥ ਸਭ ਤੋਂ ਮਜ਼ਬੂਤ'' ਦੇ ਲਾਂਚ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਚੱਲ ਰਿਹਾ ਸੀ ਅਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ, ਉਦੋਂ ਭਾਜਪਾ ਦੇ ਯੂਥ ਵਰਕਰਾਂ ਨੇ ਇੱਕ ਨੌਜਵਾਨ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਇੱਕ-ਦੂਜੇ 'ਤੇ ਲੱਤਾਂ-ਮੁੱਕਿਆਂ ਨਾਲ ਹਮਲਾ ਕਰ ਦਿੱਤਾ। ਅਜਿਹੇ 'ਚ ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਬਚਾਉਣ ਲਈ ਇਕ ਔਰਤ ਦੋਵਾਂ ਧਿਰਾਂ ਵਿਚਾਲੇ ਆ ਗਈ ਅਤੇ ਉਕਤ ਨੌਜਵਾਨ ਨੂੰ ਪ੍ਰੋਗਰਾਮ 'ਚੋਂ ਬਾਹਰ ਲੈ ਗਈ, ਉਦੋਂ ਹੀ ਮਾਮਲਾ ਥੋੜ੍ਹਾ ਠੰਡਾ ਹੋਇਆ । ਨੌਜਵਾਨ ਨੂੰ ਬਾਹਰ ਕੱਢਣ ਵਾਲੀ ਔਰਤ ਭਾਜਪਾ ਦੀ ਅਧਿਕਾਰੀ ਹੈ।