ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੀ ਸੁਣਵਾਈ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਵਿੱਚ ਅਖਿਲੇਸ਼ ਦੇ ਭਰਾ ਪ੍ਰਤੀਕ ਯਾਦਵ ਨੂੰ ਵੀ ਰਾਹਤ ਮਿਲੀ ਹੈ। ਦਰਅਸਲ, 2013 ਵਿੱਚ ਸੀਬੀਆਈ ਨੇ ਕਲੋਜ਼ਰ ਰਿਪੋਰਟ ਦਾਇਰ ਕੀਤੀ ਸੀ। ਪਟੀਸ਼ਨਕਰਤਾ ਵਿਸ਼ਵਨਾਥ ਚਤੁਰਵੇਦੀ ਨੇ ਇਸ ਕਲੋਜ਼ਰ ਰਿਪੋਰਟ ਨੂੰ ਚੁਣੌਤੀ ਦਿੱਤੀ ਹੈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਤੁਹਾਡੀ ਪਟੀਸ਼ਨ ਵਿੱਚ ਕੋਈ ਤੱਥ ਜਾਂ ਯੋਗਤਾ ਨਹੀਂ ਹੈ। ਇਸ ਲਈ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਸਵੀਕਾਰ ਕੀਤਾ ਜਾਂਦਾ ਹੈ।
ਸੀਬੀਆਈ ਨੇ 2019 ਵਿੱਚ ਇਸ ਮਾਮਲੇ ਵਿੱਚ ਰਿਪੋਰਟ ਦਾਇਰ ਕੀਤੀ ਸੀ। ਇਸ ਰਿਪੋਰਟ ਵਿੱਚ ਸੀਬੀਆਈ ਨੇ ਖੁਦ ਮੰਨਿਆ ਸੀ ਕਿ ਉਸ ਨੇ ਇਸ ਮਾਮਲੇ ਦੀ ਜਾਂਚ ਬੰਦ ਕਰ ਦਿੱਤੀ ਹੈ। ਅਖਿਲੇਸ਼ ਯਾਦਵ ਦੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਇਸ ਨੂੰ ਆਪਣਾ ਆਧਾਰ ਬਣਾਇਆ। 5 ਦਸੰਬਰ 2022 ਨੂੰ ਅਦਾਲਤ ਨੇ ਕਿਹਾ ਸੀ ਕਿ ਉਹ ਇਸ ਮਾਮਲੇ 'ਚ ਆਪਣਾ ਫੈਸਲਾ ਦੇਵੇਗੀ।
ਸੀਬੀਆਈ ਨੇ ਖੁਦ ਆਪਣੀ ਰਿਪੋਰਟ 'ਚ ਕਿਹਾ ਸੀ ਕਿ ਇਸ ਮਾਮਲੇ 'ਚ ਮੁਲਾਇਮ ਸਿੰਘ ਯਾਦਵ, ਅਖਿਲੇਸ਼ ਯਾਦਵ ਅਤੇ ਪ੍ਰਤੀਕ ਯਾਦਵ 'ਤੇ ਜੋ ਵੀ ਇਲਜ਼ਾਮ ਲਗਾਏ ਗਏ ਸਨ, ਉਹ ਸਾਬਤ ਨਹੀਂ ਹੋ ਸਕੇ। ਇਸ ਲਈ ਕਲੋਜ਼ਰ ਰਿਪੋਰਟ ਦਾਇਰ ਕੀਤੀ ਗਈ ਹੈ। ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ 2013 ਵਿੱਚ ਹੀ ਆਪਣੀ ਜਾਂਚ ਬੰਦ ਕਰ ਦਿੱਤੀ ਸੀ। ਸੀਬੀਆਈ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਸੀਵੀਸੀ ਨੂੰ ਵੀ ਦਿੱਤੀ ਗਈ ਸੀ।