ਨਵੀਂ ਦਿੱਲੀ:ਸੁਪਰੀਮ ਕੋਰਟ ਨੇ ਵੀਰਵਾਰ ਨੂੰ ਉਸ ਨਿਯਮ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤਹਿਤ ਉਮੀਦਵਾਰ ਇੱਕ ਤੋਂ ਵੱਧ ਹਲਕਿਆਂ ਤੋਂ ਚੋਣ ਲੜ ਸਕਦੇ ਹਨ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਕਿਹਾ, ਇਹ ਨੀਤੀਗਤ ਮਾਮਲਾ ਹੈ ਅਤੇ ਸਿਆਸੀ ਲੋਕਤੰਤਰ ਦਾ ਮੁੱਦਾ ਹੈ। ਜਸਟਿਸ ਪੀ.ਐਸ. ਨਰਸਿਮ੍ਹਾ ਅਤੇ ਜੇ.ਬੀ. ਪਾਰਦੀਵਾਲਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਫੈਸਲਾ ਸੰਸਦ ਨੇ ਕਰਨਾ ਹੈ।
ਵਕੀਲ ਅਸ਼ਵਨੀ ਉਪਾਧਿਆਏ ਦੁਆਰਾ ਦਾਇਰ ਪਟੀਸ਼ਨ ਵਿੱਚ ਆਮ ਚੋਣਾਂ ਵਿੱਚ ਇੱਕ ਉਮੀਦਵਾਰ ਨੂੰ ਇੱਕ ਤੋਂ ਵੱਧ ਹਲਕਿਆਂ ਤੋਂ ਚੋਣ ਲੜਨ ਤੋਂ ਰੋਕਣ ਦੀ ਮੰਗ ਕੀਤੀ ਗਈ ਸੀ। ਸੁਣਵਾਈ ਦੌਰਾਨ ਬੈਂਚ ਨੇ ਪਟੀਸ਼ਨਰ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਗੋਪਾਲ ਸ਼ੰਕਰਨਰਾਇਣ ਨੂੰ ਕਿਹਾ ਕਿ ਇਕ ਰਾਸ਼ਟਰੀ ਪਾਰਟੀ ਦਾ ਨੇਤਾ ਵੀ ਆਪਣਾ ਅਖਿਲ ਭਾਰਤੀ ਅਕਸ ਦਿਖਾਉਣਾ ਚਾਹੁੰਦਾ ਹੈ ਅਤੇ ਇਹ ਦਿਖਾਉਣਾ ਚਾਹੁੰਦਾ ਹੈ ਕਿ ਉਹ ਪੱਛਮੀ, ਪੂਰਬ, ਉੱਤਰੀ ਅਤੇ ਦੱਖਣੀ ਭਾਰਤ ਤੋਂ ਖੜ੍ਹਾ ਹੋ ਸਕਦਾ ਹੈ। ਬੈਂਚ ਨੇ ਕਿਹਾ ਕਿ ਇਸ 'ਚ ਕੁਝ ਵੀ ਗਲਤ ਨਹੀਂ ਹੈ ਅਤੇ ਅਜਿਹੀਆਂ ਇਤਿਹਾਸਕ ਸ਼ਖਸੀਅਤਾਂ ਹਨ, ਜਿਨ੍ਹਾਂ ਦੀ ਇਸ ਤਰ੍ਹਾਂ ਦੀ ਪ੍ਰਸਿੱਧੀ ਸੀ। ਬੈਂਚ ਨੇ ਕਿਹਾ ਕਿ ਜੇਕਰ ਸੰਸਦ ਸੋਧ ਕਰਨਾ ਚਾਹੁੰਦੀ ਹੈ ਤਾਂ ਕਰ ਸਕਦੀ ਹੈ, ਪਰ ਅਦਾਲਤ ਅਜਿਹਾ ਨਹੀਂ ਕਰੇਗੀ।