ਮੁੰਬਈ:ਐਸਬੀਆਈ ਦੇ ਚੇਅਰਮੈਨ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਅਸੀਂ ਅਡਾਨੀ ਸਮੂਹ ਨੂੰ ਆਪਣੇ ਲੋਨ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਲਈ ਕੋਈ ਚੁਣੌਤੀ ਨਹੀਂ ਦੇਖਦੇ। ਉਨ੍ਹਾਂ ਕਿਹਾ ਕਿ ਅਸੀਂ ਸ਼ੇਅਰਾਂ ਦੇ ਬਦਲੇ ਗਰੁੱਪ ਨੂੰ ਕੋਈ ਕਰਜ਼ਾ ਨਹੀਂ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਐਸਬੀਆਈ ਦੁਆਰਾ ਦਿੱਤੇ ਗਏ ਕੁੱਲ ਕਰਜ਼ਿਆਂ ਵਿੱਚੋਂ, ਅਡਾਨੀ ਦੀ ਹਿੱਸੇਦਾਰੀ ਇੱਕ ਪ੍ਰਤੀਸ਼ਤ ਤੋਂ ਘੱਟ ਹੈ, ਯਾਨੀ ਕਿ 0.9 ਪ੍ਰਤੀਸ਼ਤ ਹੈ।
ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (ਐੱਸ.ਬੀ.ਆਈ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਅਡਾਨੀ ਸਮੂਹ ਦੀਆਂ ਕੰਪਨੀਆਂ ਨੂੰ ਲਗਭਗ 27,000 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਹੈ। ਜੋ ਕੁੱਲ ਵੰਡੇ ਗਏ ਕਰਜ਼ਿਆਂ ਦਾ ਸਿਰਫ 0.9 ਫੀਸਦੀ ਹੈ। ਚੇਅਰਮੈਨ ਦਿਨੇਸ਼ ਖਾਰਾ ਨੇ ਕਿਹਾ ਕਿ ਬੈਂਕ ਇਹ ਨਹੀਂ ਸਮਝਦਾ ਕਿ ਅਡਾਨੀ ਸਮੂਹ ਨੂੰ ਆਪਣੀਆਂ ਕਰਜ਼ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਕਿਸੇ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਐਸਬੀਆਈ ਨੇ ਸ਼ੇਅਰਾਂ ਦੇ ਬਦਲੇ ਇਸ ਗਰੁੱਪ ਨੂੰ ਕੋਈ ਕਰਜ਼ਾ ਨਹੀਂ ਦਿੱਤਾ ਹੈ।
ਖਾਰਾ ਨੇ ਕਿਹਾ ਕਿ ਅਡਾਨੀ ਗਰੁੱਪ ਦੇ ਪ੍ਰੋਜੈਕਟਾਂ ਨੂੰ ਕਰਜ਼ਾ ਦਿੰਦੇ ਸਮੇਂ ਭੌਤਿਕ ਸੰਪਤੀਆਂ ਅਤੇ ਸਹੀ ਨਕਦੀ ਪ੍ਰਵਾਹ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਗਰੁੱਪ ਦਾ ਬਕਾਇਆ ਕਰਜ਼ਾ ਮੋੜਨ ਦਾ ਰਿਕਾਰਡ ਬਹੁਤ ਵਧੀਆ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ ਅਡਾਨੀ ਸਮੂਹ ਦੇ ਸ਼ੇਅਰਾਂ ਵਿੱਚ ਆਈ ਭਾਰੀ ਗਿਰਾਵਟ ਨਾਲ ਰਿਣਦਾਤਾਵਾਂ ਨੂੰ ਪ੍ਰਭਾਵਤ ਹੋਣ ਦੇ ਖਦਸ਼ਿਆਂ ਦੇ ਵਿਚਕਾਰ, ਐਸਬੀਆਈ ਮੁਖੀ ਨੇ ਕਿਹਾ ਕਿ ਸਮੂਹ ਨੇ ਕਰਜ਼ੇ ਨੂੰ ਮੁੜ ਵਿੱਤ ਕਰਨ ਲਈ ਕੋਈ ਬੇਨਤੀ ਨਹੀਂ ਕੀਤੀ ਹੈ।