ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ 'ਚ ਪ੍ਰੈਸ ਕਾਨਫ਼ਰੰਸ ਦੌਰਾਨ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਖੇਤੀ ਕਾਨੂੰਨਾਂ ਦੇ ਹੱਲ ਕਰਨ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲੰਮੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧ ਕਰ ਰਹੇ ਕਿਸਾਨਾਂ ਨਾਲ ਜਿਸ ਤਰ੍ਹਾਂ ਦਾ ਵਿਹਾਰ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵੱਲੋਂ ਕੀਤਾ ਜਾ ਰਿਹਾ ਹੈ ਉਸ ਤੋਂ ਲੱਗਦਾ ਹੈ ਕਿ ਕੇਂਦਰ ਸਰਕਾਰ ਦੀ ਇੱਛਾ ਨਹੀਂ ਹੈ ਕਿ ਮਸਲਾ ਹੱਲ ਹੋਵੇ।
ਉਨ੍ਹਾਂ ਕਿਹਾ ਕਿ ਦੇਸ਼ ਦੇ ਕਈ ਰਾਜਾਂ ਦੇ ਲੱਖਾਂ ਕਿਸਾਨ ਅੱਜ ਦਿੱਲੀ ਅਤੇ ਦਿੱਲੀ ਦੀ ਹੱਦ 'ਤੇ ਅੰਦੋਲਨ ਕਰ ਰਹੇ ਹਨ। ਉਹ ਇਸ ਉਡੀਕ ਵਿੱਚ ਹਨ ਕਿ ਦੇਸ਼ ਦੀ ਸਰਕਾਰ ਉਨ੍ਹਾਂ ਨਾਲ ਗੱਲ ਕਰੇਗੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰੇਗੀ। ਸੰਜੇ ਸਿੰਘ ਨੇ ਸਵਾਲ ਕੀਤਾ ਕਿ ਕੀ ਕਿਸਾਨਾਂ ਦਾ ਦੋਸ਼ ਹੈ ਕਿ ਉਹ ਆਪਣੀ ਫ਼ਸਲ ਦਾ ਡੇਢ ਗੁਣਾ ਮੁੱਲ ਮੰਗ ਰਹੇ ਹਨ।
'ਕੀਤਾ ਜਾ ਰਿਹੈ ਅੱਤਵਾਦੀਆਂ ਵਰਗਾ ਸਲੂਕ'
ਸੰਜੇ ਸਿੰਘ ਨੇ ਕਿਹਾ ਕਿ ਇੱਕ ਪਾਸੇ ਕਿਸਾਨ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਬੈਠੇ ਹਨ, ਦੂਜੇ ਪਾਸੇ ਉਨ੍ਹਾਂ ਨਾਲ ਅੱਤਵਾਦੀਆਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਇੱਕ ਕਿਸਾਨ ਜਿਸਦਾ ਮੁੰਡਾ ਸਰਹੱਦ 'ਤੇ ਸ਼ਹੀਦ ਹੋ ਗਿਆ, ਉਸ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ। ਭਗਤ ਸਿੰਘ ਅਤੇ ਊਧਮ ਸਿੰਘ ਦੇ ਵੰਸ਼ਜਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ, ਦੇਸ਼ ਲਈ ਕੁਰਬਾਨੀ ਦੇਣ ਵਾਲੇ ਪੰਜਾਬ ਦੇ ਕਿਸਾਨਾਂ ਦੇ ਰਾਸਤੇ ਖ਼ਰਾਬ ਕੀਤੇ ਜਾ ਰਹੇ ਹਨ ਤਾਂ ਕਿ ਉਹ ਦਿੱਲੀ ਨਾ ਪੁੱਜ ਸਕਣ।
'ਸਰਕਾਰ ਕਿਵੇਂ ਐਨੀ ਅੰਸਵੇਦਨਸ਼ੀਲ ਹੋ ਸਕਦੀ ਹੈ'
ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨਾ ਲਾਉਂਦਿਆਂ ਸੰਜੇ ਸਿੰਘ ਨੇ ਕਿਹਾ ਕਿ ਡੂੰਘੀ ਅਤੇ ਕੁੰਭਕਰਨੀ ਨੀਂਦ ਤੋਂ ਬਾਅਦ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਪ੍ਰਗਟ ਹੋਏ, ਤਾਂ ਉਨ੍ਹਾਂ ਸ਼ਰਤ ਰੱਖ ਦਿੱਤੀ ਕਿ ਕਿਸਾਨ ਬੁਰਾੜੀ ਮੈਦਾਨ ਵਿੱਚ ਆਉਣ, ਉਦੋਂ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਕੋਈ ਸਰਕਾਰ ਐਨੀ ਅਸੰਵੇਦਨਸ਼ੀਲ ਕਿਵੇਂ ਹੋ ਸਕਦੀ ਹੈ, ਵੋਟਾਂ ਲਈ ਜਿਹੜੇ ਕਿਸਾਨਾਂ ਦੇ ਸਾਹਮਣੇ ਨੱਕ ਰਗੜਦੇ ਹਨ, ਉਨ੍ਹਾਂ ਨਾਲ ਗੱਲਬਾਤ ਲਈ ਹੁਣ ਸ਼ਰਤਾਂ ਸਾਹਮਣੇ ਰੱਖ ਰਹੇ ਹਨ।