ਦਿੱਲੀ : ਵਿਰੋਧੀ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ' (ਇੰਡੀਆ) ਦੇ ਨੇਤਾ ਵੱਲੋਂ ਮਣੀਪੁਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਸੰਜੇ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਦੇ ਵਿਰੋਧ ਵਿੱਚ ਬੀਤੀ ਰਾਤ ਤੋਂ ਹੁਣ ਤੱਕ ਸਾਂਸਦ ਸੰਜੇ ਸਿੰਘ ਅਤੇ ਸਮਰਥਕ ਸੰਸਦ ਦੇ ਬਾਹਰ ਬਣੇ ਮਹਾਤਮਾ ਗਾਂਧੀ ਦੇ ਬੁੱਤ ਹੇਠ ਪ੍ਰਦਰਸ਼ਨ ਕਰ ਰਹੇ ਹਨ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਮਣੀਪੁਰ ਮੁੱਦੇ ਅਤੇ 'ਆਪ' ਸੰਸਦ ਮੈਂਬਰ ਸੰਜੇ ਸਿੰਘ ਦੀ ਮੁਅੱਤਲੀ ਨੂੰ ਲੈ ਕੇ ਰਾਤ ਭਰ ਧਰਨਾ ਜਾਰੀ ਰੱਖਿਆ ਅਤੇ ਅੱਜ ਵੀ ਧਰਨਾ ਜਾਰੀ ਰੱਖਣ ਦੀ ਗੱਲ ਕੀਤੀ ਜਾ ਰਹੀ ਹੈ।
ਵਿਰੋਧੀ ਧਿਰ ਦੇ ਸੰਸਦ ਮੈਂਬਰ ਸੰਜੇ ਸਿੰਘ ਦੀ ਮੁਅੱਤਲੀ ਦਾ ਵਿਰੋਧ ਕਰਦੇ ਹੋਏ : ਉਥੇ ਹੀ ਇਸ ਮੌਕੇ ਰਾਜ ਸਭਾ ਮੈਂਬਰ ਅਤੇ ਮਹਿਲਾ ਕਾਂਗਰਸ ਦੀ ਪ੍ਰਧਾਨ ਜੇਬੀ ਮੇਥਰ ਨੇ ਕਿਹਾ ਕਿ "ਅਸੀਂ ਸਭ ਤੋਂ ਵੱਡਾ ਸੰਦੇਸ਼ ਦੇਣਾ ਚਾਹੁੰਦੇ ਹਾਂ, ਸੰਜੇ ਸਿੰਘ ਇਕੱਲੇ ਨਹੀਂ ਹਨ,ਪੂਰੀ ਵਿਰੋਧੀ ਧਿਰ ਨਾਲ ਹੈ। ਜੇਕਰ ਸੱਤਾਧਾਰੀ ਪਾਰਟੀ, ਐਨਡੀਏ ਅਤੇ ਸਰਕਾਰ ਸੋਚਦੀ ਹੈ ਕਿ ਸਾਡੇ ਇੱਕ ਸੰਸਦ ਮੈਂਬਰ ਨੂੰ ਮੁਅੱਤਲ ਕਰਕੇ, ਉਹ ਸਾਨੂੰ ਧਮਕੀਆਂ ਦੇ ਸਕਦੇ ਹਨ, ਵਾਰ-ਵਾਰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਡੀਆਂ ਮੰਗਾਂ ਜਾਰੀ ਰਹਿਣਗੀਆਂ।
ਮੁਅੱਤਲੀ ਤੋਂ ਬਾਅਦ ਸੰਜੇ ਸਿੰਘ ਨੇ ਦਿੱਤੀ ਪ੍ਰਤੀਕ੍ਰਿਆ : ਸਦਨ ਦੀ ਕਾਰਵਾਈ ਤੋਂ ਬਾਅਦ 'ਆਪ' ਨੇਤਾ ਸੰਜੇ ਨੇ ਕਿਹਾ ਕਿ ਕੱਲ 'ਬੀਤੀ ਰਾਤ ਤੋਂ ਅਸੀਂ ਗਾਂਧੀ ਦੇ ਬੁੱਤ ਦੇ ਸਾਹਮਣੇ ਬੈਠੇ ਹਾਂ,ਸਾਡਾ ਇਕ ਹੀ ਸਵਾਲ ਹੈ ਕਿ ਅਖੀਰ ਮਣੀਪੁਰ ਘਟਨਾ ਨੂੰ ਲੈਕੇ ਤੁਸੀਂ ਕੁਝ ਕਰ ਕਿਓਂ ਨਹੀਂ ਰਹੇ ? ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕਰਦੇ ਹੋਏ ਕਿਹਾ, 'ਸਾਡੀ ਇੱਕੋ ਮੰਗ ਹੈ ਕਿ ਪੀਐੱਮ ਮੋਦੀ ਮਨੀਪੁਰ ਮੁੱਦੇ 'ਤੇ ਬੋਲਣ। ਦੇਸ਼ ਦਾ ਹਿੱਸਾ ਹੈ ਮਣੀਪੁਰ ਜਿਥੇ ਅਜਿਹੇ ਹਾਲਤ ਬਣੇ ਹੋਏ ਹਨ, ਇਕ ਸ਼ਹਿਰ ਸੜ ਰਿਹਾ ਹੈ ਪਰ ਪ੍ਰਧਾਨ ਮੰਤਰੀ ਚੁੱਪ ਹੈ। ਅਜਿਹਾ ਕਿਓਂ ਹੈ ? ਉਹਨਾਂ ਕਿਹਾ ਕਿ ਇਸ ਹਿੰਸਾ ਵਿੱਚ ਬੱਚੇ ਮਰ ਰਹੇ ਹਨ ਲੋਕ ਬਰਬਾਦ ਹੋ ਰਹੇ ਹਨ। ਸਭ ਤੋਂ ਵੱਡੀ ਸ਼ਰਮਨਾਕ ਗੱਲ ਇਹ ਹੈ ਕਿ ਜਿੰਨਾ ਔਰਤਾਂ ਦੇ ਨਾਲ ਇਹ ਹੈਵਾਨੀਅਤ ਹੋਈ ,ਉਹਨਾਂ ਵਿੱਚ ਇਕ ਔਰਤ ਕਾਰਗਿਲ ਯੁੱਧ ਦੇ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਫੌਜੀ ਦੀ ਪਤਨੀ ਵੀ ਸ਼ਾਮਿਲ ਹੈ। ਜਿਸ ਨੇ ਦੇਸ਼ ਸੇਵਾ ਕੀਤੀ ਹੋਵੇ ਅੱਜ ਉਸਦੇ ਪਰਿਵਾਰ ਦੀ ਇੱਜਤ ਇੰਝ ਸੜਕਾਂ ਉੱਤੇ ਰੁਲੀ ਹੈ ਇਸ ਤੋਂ ਵੱਡੀ ਤ੍ਰਾਸਦੀ ਹੋਰ ਕੀ ਹੋ ਸਕਦੀ ਹੈ। ਅੱਗੇ ਸੰਜੇ ਸਿੰਘ ਨੇ ਕਿਹਾ ਕਿ ਅਸੀਂ ਇੱਥੇ ਵਿਰੋਧ ਪ੍ਰਦਰਸ਼ਨ ਕਰਦੇ ਰਹਾਂਗੇ ਅਤੇ ਮੈਂ ਅਜੇ ਵੀ ਪੀਐਮ ਮੋਦੀ ਨੂੰ ਸੰਸਦ ਵਿੱਚ ਆਉਣ ਅਤੇ ਮਣੀਪੁਰ ਮੁੱਦੇ 'ਤੇ ਗੱਲ ਕਰਨ ਦੀ ਬੇਨਤੀ ਕਰ ਰਿਹਾ ਹਾਂ।
ਮੁੱਦਿਆਂ ਨੂੰ ਸੁਲਝਾਉਣ ਦੀ ਬਜਾਏ ਮੁੱਦੇ ਚੁੱਕਣ ਵਾਲਿਆਂ ਖਿਲਾਫ ਕਾਰਵਾਈ:ਦੱਸਣਯੋਗ ਹੈ ਕਿ ਮਣੀਪੁਰ ਵਾਇਰਲ ਵੀਡੀਓ ਕਾਰਨ ਸੋਮਵਾਰ ਨੂੰ ਸੰਸਦ ਵਿੱਚ ਹੰਗਾਮਾ ਹੋ ਗਿਆ। ਹੰਗਾਮੇ ਦੇ ਸੈਸ਼ਨ ਦੌਰਾਨ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦੀ ਕੁਰਸੀ ਦੇ ਸਾਹਮਣੇ ਪਹੁੰਚ ਕੇ ਵਿਰੋਧ ਜਤਾਇਆ। ਉਨ੍ਹਾਂ ਦੀ ਇਸ ਕਾਰਵਾਈ ਤੋਂ ਬਾਅਦ ਉਹਨਾਂ ਨੂੰ ਪੂਰੇ ਸੰਸਦ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ। ਜਿਸਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ। ਸੰਜੇ ਸਿੰਘ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਰਾਜ ਵਿੱਚ ਦੇਸ਼ ਦੀਆਂ ਧੀਆਂ ਭੈਣਾਂ ਨਾਲ ਅਜਿਹਾ ਵਤੀਰਾ ਹੋ ਰਿਹਾ ਹੈ ਪਰ ਇਸ ਨੂੰ ਲੈਕੇ ਕੋਈਵੀ ਬੋਲਣ ਨੂੰ ਤਿਆਰ ਨਹੀਂ ਹੈ। ਪ੍ਰਧਾਨਮੰਤਰੀ ਨਦੇ ਉਚਿਤ ਕਾਰਵਾਈ ਨਹੀਂ ਕੀਤੀ। ਬਲਕਿ ਜੋ ਇਸ ਮਾਮਲੇ ਖਿਲਾਫ ਬੋਲਦਾ ਹੈ ਉਸ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ।