ਮੁੰਬਈ: ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਸੰਜੇ ਰਾਉਤ ਨੇ ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਧੜੇ ਨੂੰ ਅਸਲੀ ਸ਼ਿਵ ਸੈਨਾ ਵਜੋਂ ਮਾਨਤਾ ਦੇਣ ਲਈ ਚੋਣ ਕਮਿਸ਼ਨ (ਈਸੀ) ਦੇ ਕਦਮ ਦੀ ਆਲੋਚਨਾ ਕੀਤੀ। ਰਾਊਤ ਨੇ ਚੋਣ ਕਮਿਸ਼ਨ ਦੇ ਇਸ ਫੈਸਲੇ ਨੂੰ ਇਕ ਤਰ੍ਹਾਂ ਦੀ 'ਸਿਆਸੀ ਹਿੰਸਾ' ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਪਾਰਟੀ ਨੂੰ ਤਬਾਹ ਕਰਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੋਣ ਕਮਿਸ਼ਨ ਤੋਂ ਸਿਆਸੀ ਪਾਰਟੀ ਦੀ ਪਰਿਭਾਸ਼ਾ ਪੁੱਛਣ ਦੀ ਲੋੜ ਹੈ।
ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸਮੂਹ ਨੂੰ 'ਸ਼ਿਵ ਸੈਨਾ' ਦਾ ਨਾਮ ਅਤੇ ਇਸ ਦਾ ਚੋਣ ਨਿਸ਼ਾਨ 'ਕਮਾਨ ਅਤੇ ਤੀਰ' ਅਲਾਟ ਕੀਤਾ। ਊਧਵ ਠਾਕਰੇ ਲਈ ਇਸ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਸ਼ਿਵ ਸੈਨਾ ਦੀ ਸਥਾਪਨਾ ਬਾਲ ਠਾਕਰੇ ਨੇ 1966 ਵਿੱਚ ਕੀਤੀ ਸੀ। ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦੇ ਕਣਕਵਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਉਤ ਨੇ ਇਲਜ਼ਾਮ ਲਾਇਆ ਕਿ ਚੋਣ ਕਮਿਸ਼ਨ ਦਾ ਹੁਕਮ ਸ਼ਿਵ ਸੈਨਾ ਨੂੰ ਤਬਾਹ ਕਰਨ ਲਈ ਇੱਕ ਤਰ੍ਹਾਂ ਦੀ ਸਿਆਸੀ ਹਿੰਸਾ ਹੈ। ਇਹ ਡਰ ਅਤੇ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਕਾਰਵਾਈ ਹੈ।