ਸੋਨੀਪਤ:ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। 26 ਨਵੰਬਰ ਨੂੰ ਕਿਸਾਨ ਅੰਦੋਲਨ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ। ਪਰ ਸਰਕਾਰ ਅਤੇ ਕਿਸਾਨ ਆਗੂਆਂ ਦੀ ਗੱਲਬਾਤ 'ਤੇ ਰੋਕ ਲੱਗੀ ਹੋਈ ਹੈ। ਅਜਿਹੇ 'ਚ ਸੰਯੁਕਤ ਮੋਰਚੇ ਦੇ ਕਿਸਾਨ ਆਗੂ ਅੰਦੋਲਨ ਦੀ ਭਵਿੱਖੀ ਰੂਪ-ਰੇਖਾ ਤਿਆਰ ਕਰਨ ਲਈ ਸਿੰਘੂ ਬਾਰਡਰ 'ਤੇ ਮੀਟਿੰਗ ਕਰ ਰਹੇ ਹਨ।
ਸੰਯੁਕਤ ਕਿਸਾਨ ਮੋਰਚਾ ਦੀ ਇਹ ਮੀਟਿੰਗ ਸੋਨੀਪਤ ਦੇ ਸਿੰਘੂ ਬਾਰਡਰ ((Singhu Border)) 'ਤੇ ਸ਼ੁਰੂ ਹੋਈ ਹੈ। ਇਸ ਮੀਟਿੰਗ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੜੂਨੀ ਸਮੇਤ ਦੇਸ਼ ਦੇ ਸਾਰੇ ਵੱਡੇ ਕਿਸਾਨ ਆਗੂ ਪੁੱਜੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 7 ਨਵੰਬਰ ਨੂੰ ਰੋਹਤਕ ਦੇ ਮਕਰੌਲੀ ਟੋਲ 'ਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ ਸੀ, ਜਦਕਿ 8 ਨਵੰਬਰ ਨੂੰ ਪੰਜਾਬ 'ਚ 32 ਜੱਥੇਬੰਦੀਆਂ ਨੇ ਮੀਟਿੰਗ ਕੀਤੀ ਸੀ ਅਤੇ ਆਪੋ-ਆਪਣੀਆਂ ਮੀਟਿੰਗਾਂ ਦਾ ਲੇਖਾ-ਜੋਖਾ ਦਿੱਤਾ ਅਤੇ ਮੀਟਿੰਗਾਂ ਵਿੱਚ ਜੋ ਕੁਝ ਹੋਇਆ, ਉਸ ਬਾਰੇ ਚਰਚਾ ਕੀਤੀ। ਸਿੰਘੂ ਬਾਰਡਰ 'ਤੇ ਹੋ ਰਹੀ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ 'ਚ ਹਰਿਆਣਾ, ਪੰਜਾਬ ਅਤੇ ਹੋਰ ਰਾਜਾਂ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਆਪਣੀ ਜਥੇਬੰਦੀ ਦੀ ਪ੍ਰਤੀਨਿਧਤਾ ਕਰਦੇ ਹੋਏ ਆਪਣੀ ਰਾਏ ਪੇਸ਼ ਕਰਨਗੇ।
ਕਿਸਾਨ KMP ਅਤੇ KGP ਨੂੰ ਕਰਨਗੇ ਜਾਮ?: ਪੰਜਾਬ ਦੇ ਇੱਕ ਵੱਡੇ ਕਿਸਾਨ ਸਮੂਹ ਦੇ ਆਗੂ ਮਨਜੀਤ ਰਾਏ ਨੇ ਪਹਿਲਾਂ ਹੀ ਸਪੱਸ਼ਟ ਕੀਤਾ ਹੈ ਕਿ ਜੇਕਰ ਅਸੀਂ ਸਰਕਾਰ 'ਤੇ ਦਬਾਅ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ KMP, KGP ਨੂੰ ਵੀ ਅਣਮਿੱਥੇ ਸਮੇਂ ਲਈ ਬੰਦ ਕਰਨਾ ਪਵੇਗਾ, ਤਾਂ ਜੋ ਸਰਕਾਰ ਆਪਣੀ ਜ਼ਿੱਦ ਤੋਂ ਪਿੱਛ ਹਟ ਜਾਵੇ ਅਤੇ ਇਹ ਤਿੰਨ ਖੇਤੀਬਾੜੀ ਕਾਨੂੰਨ ਵਾਪਸ ਹੋਣ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਕੋਈ ਨਾ ਕੋਈ ਵੱਡਾ ਫੈਸਲਾ ਲੈਣਾ ਹੀ ਪਵੇਗਾ ਤਾਂ ਜੋ ਸਰਕਾਰ ਕਿਸਾਨਾਂ ਅੱਗੇ ਝੁਕ ਜਾਵੇ ਅਤੇ ਇਹ ਤਿੰਨੇ ਖੇਤੀ ਕਾਨੂੰਨ ਵਾਪਸ ਲਏ ਜਾਣ।