ਨਵੀਂ ਦਿੱਲੀ:ਸਹਾਰਾ ਇੰਡੀਆ ਪਰਿਵਾਰ ਦੇ ਸੰਸਥਾਪਕ ਸੁਬਰਤ ਰਾਏ ਦਾ ਮੰਗਲਵਾਰ ਦੇਰ ਰਾਤ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਕਾਰਡੀਓ ਅਰੈਸਟ ਤੋਂ ਬਾਅਦ 75 ਸਾਲਾ ਸੁਬਰਤ ਦੇ ਸਾਹ ਰੁਕ ਗਏ। ਉਨ੍ਹਾਂ ਨੂੰ 12 ਨਵੰਬਰ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜਾਣਕਾਰੀ ਮੁਤਾਬਕ ਸੁਬਰਤ ਰਾਏ ਨੇ ਸਾਲ 1978 'ਚ ਸਹਾਰਾ ਇੰਡੀਆ ਗਰੁੱਪ ਦੀ ਸਥਾਪਨਾ ਕੀਤੀ ਸੀ। ਜਿਸ ਤੋਂ ਬਾਅਦ ਉਹ ਲਗਾਤਾਰ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਗਏ। ਉਨ੍ਹਾਂ ਨੇ ਐਮਬੀ ਵੈਲੀ ਸਿਟੀ, ਸਹਾਰਾ ਏਅਰਲਾਈਨਜ਼, ਮੀਡੀਆ ਸਮੇਤ ਕਈ ਖੇਤਰਾਂ ਵਿੱਚ ਆਪਣੀਆਂ ਜੜ੍ਹਾਂ ਸਥਾਪਿਤ ਕੀਤੀਆਂ। ਸਾਲ 2012 ਵਿੱਚ ਸੁਬਰਤ ਰਾਏ ਨੂੰ ਭਾਰਤ ਦੇ 10 ਸਭ ਤੋਂ ਸ਼ਕਤੀਸ਼ਾਲੀ ਲੋਕਾਂ ਵਿੱਚ ਚੁਣਿਆ ਗਿਆ ਸੀ।
ਬਿਹਾਰ ਦੇ ਬੰਗਾਲੀ ਪਰਿਵਾਰ ਵਿੱਚ ਹੋਇਆ ਸੀ ਜਨਮ: ਸੁਬਰਤ ਰਾਏ ਦਾ ਜਨਮ 10 ਜੂਨ 1948 ਨੂੰ ਬਿਹਾਰ ਦੇ ਅਰਰੀਆ ਜ਼ਿਲ੍ਹੇ ਵਿੱਚ ਇੱਕ ਬੰਗਾਲੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਸੁਧੀਰ ਚੰਦਰ ਰਾਏ ਅਤੇ ਮਾਤਾ ਦਾ ਨਾਮ ਛਵੀ ਰਾਏ ਸੀ। ਸੁਬਰਤ ਰਾਏ ਨੇ ਆਪਣੀ ਮੁੱਢਲੀ ਸਿੱਖਿਆ ਗੋਰਖਪੁਰ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਗੋਰਖਪੁਰ 'ਚ ਹੀ ਕਾਰੋਬਾਰ ਸ਼ੁਰੂ ਕਰ ਦਿੱਤਾ। ਜਿਸ ਨੂੰ ਬਾਅਦ ਵਿੱਚ ਸਹਾਰਾ ਇੰਡੀਆ ਪਰਿਵਾਰ ਦਾ ਨਾਂ ਦਿੱਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੁਬਰਤ ਰਾਏ ਨੇ ਸਾਲ 1976 'ਚ ਇਕ ਚਿੱਟ ਫੰਡ ਕੰਪਨੀ 'ਚ ਪਹਿਲੀ ਨੌਕਰੀ ਸ਼ੁਰੂ ਕੀਤੀ ਸੀ। ਜਿਸ ਨੂੰ ਉਨ੍ਹਾਂ ਨੇ ਬਾਅਦ ਵਿਚ ਹਾਸਲ ਕਰ ਲਿਆ।