ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਯੂਕਰੇਨ ਸੰਕਟ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਬੁਲਾਈ। ਸੂਤਰਾਂ ਮੁਤਾਬਕ ਕੇਂਦਰੀ ਮੰਤਰੀ ਹਰਦੀਪ ਪੁਰੀ, ਜਯੋਤਿਰਾਦਿੱਤਿਆ ਸਿੰਧੀਆ, ਕਿਰਨ ਰਿਜਿਜੂ ਅਤੇ ਸਾਬਕਾ ਫੌਜ ਮੁਖੀ ਵੀਕੇ ਸਿੰਘ ਉਥੇ ਫਸੇ ਵਿਦਿਆਰਥੀਆਂ ਦੇ ਬਚਾਅ ਕਾਰਜ ਵਿੱਚ ਮਦਦ ਲਈ ਯੂਕਰੇਨ ਦੇ ਗੁਆਂਢੀ ਮੁਲਕਾਂ ਦਾ ਦੌਰਾ ਕਰਨਗੇ।
ਦੱਸ ਦਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਪੰਜਵਾਂ ਦਿਨ ਹੈ। ਰੂਸੀ ਬਲਾਂ ਨੇ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਖਾਰਕਿਵ ਸ਼ਹਿਰ 'ਤੇ ਹਮਲੇ ਜਾਰੀ ਰੱਖੇ ਹੋਏ ਹਨ। ਇਸ ਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦਾਅਵਾ ਕੀਤਾ ਹੈ ਕਿ ਰੂਸ ਨੇ ਉਸ ਦੀ ਹੱਤਿਆ ਕਰਨ ਲਈ 400 ਤੋਂ ਵੱਧ ਭਾੜੇ ਦੇ ਕਾਤਲ ਕੀਵ ਭੇਜੇ ਹਨ। ਇੱਥੇ ਮੋਦੀ ਸਰਕਾਰ ਨੇ ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਦੀ ਨਵੀਂ ਯੋਜਨਾ ਬਣਾਈ ਹੈ। ਇਸ ਵਿੱਚ ਚਾਰ ਮੰਤਰੀਆਂ ਨੂੰ ਯੂਕਰੇਨ ਦੇ ਗੁਆਂਢੀ ਮੁਲਕਾਂ ਵਿੱਚ ਭੇਜਿਆ ਜਾਵੇਗਾ।
ਇਸ ਤੋਂ ਪਹਿਲਾਂ ਯੂਕਰੇਨ ਤੋਂ 249 ਭਾਰਤੀਆਂ ਨੂੰ ਲੈ ਕੇ ਪੰਜਵੀਂ ਉਡਾਣ ਦਿੱਲੀ ਪਹੁੰਚੀ ਹੈ। ਇਸ ਫਲਾਈਟ ਨੇ ਐਤਵਾਰ ਰਾਤ ਰੋਮਾਨੀਆ ਤੋਂ ਦਿੱਲੀ ਲਈ ਉਡਾਣ ਭਰੀ ਸੀ। ਵਿਦੇਸ਼ ਮੰਤਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਫਲਾਈਟ ਦਿੱਲੀ ਏਅਰਪੋਰਟ 'ਤੇ ਪਹੁੰਚੀ ਤਾਂ ਪਰਿਵਾਰਕ ਮੈਂਬਰ ਆਪਣੇ ਪਿਆਰਿਆਂ ਨੂੰ ਮਿਲ ਕੇ ਭਾਵੁਕ ਹੋ ਗਏ। ਉਨ੍ਹਾਂ ਨੇ ਆਪਣੇ ਸਨੇਹੀਆਂ ਦਾ ਫੁੱਲਾਂ ਅਤੇ ਗੁਲਦਸਤਿਆਂ ਨਾਲ ਸਵਾਗਤ ਕੀਤਾ।