ਡੇਟ੍ਰੋਇਟ (ਅਮਰੀਕਾ): ਮੈਕਡੋਨਲਡਜ਼, ਸਟਾਰਬਕਸ, ਕੋਕਾ-ਕੋਲਾ, ਪੈਪਸੀਕੋ ਅਤੇ ਜਨਰਲ ਇਲੈਕਟ੍ਰਿਕ ਵਰਗੇ ਕਈ ਗਲੋਬਲ ਬ੍ਰਾਂਡਾਂ ਨੇ ਐਲਾਨ ਕੀਤਾ ਹੈ ਕਿ ਉਹ ਯੂਕਰੇਨ ਦੇ ਹਮਲੇ ਦੇ ਜਵਾਬ ਵਿੱਚ ਰੂਸ ਵਿੱਚ ਆਪਣੇ ਕਾਰੋਬਾਰ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਰਹੇ ਹਨ। ਮੈਕਡੋਨਲਡ ਦੇ ਪ੍ਰਧਾਨ ਅਤੇ ਸੀਈਓ ਕ੍ਰਿਸ ਕੇਮਪਚਿੰਸਕੀ ਨੇ ਕਰਮਚਾਰੀਆਂ ਨੂੰ ਲਿਖੇ ਪੱਤਰ ਵਿੱਚ ਕਿਹਾ, "ਸਾਡੇ ਸਿਧਾਂਤਾਂ ਦੇ ਅਨੁਸਾਰ, ਅਸੀਂ ਯੂਕਰੇਨ ਵਿੱਚ ਲੋਕਾਂ ਨੂੰ ਹੋ ਰਹੇ ਬੇਲੋੜੇ ਦੁੱਖਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।"
ਸ਼ਿਕਾਗੋ ਸਥਿਤ ਬਰਗਰ ਕੰਪਨੀ ਨੇ ਕਿਹਾ ਕਿ, "ਕੰਪਨੀ ਰੂਸ ਵਿੱਚ ਅਸਥਾਈ ਤੌਰ 'ਤੇ 850 ਸਟੋਰਾਂ ਨੂੰ ਬੰਦ ਕਰੇਗੀ, ਪਰ ਆਪਣੇ 62,000 ਕਰਮਚਾਰੀਆਂ ਨੂੰ ਭੁਗਤਾਨ ਕਰਨਾ ਜਾਰੀ ਰੱਖੇਗੀ ਜਿਨ੍ਹਾਂ ਨੇ ਮੈਕਡੋਨਲਡਜ਼ ਬ੍ਰਾਂਡ ਲਈ ਆਪਣਾ ਖੂਨ ਅਤੇ ਪਸੀਨਾ ਲਗਾਇਆ ਹੈ।" ਕੇਮਪਚਿੰਸਕੀ ਨੇ ਇਹ ਵੀ ਕਿਹਾ ਕਿ, 'ਸਾਡੇ ਵਰਗੇ ਗਲੋਬਲ ਬ੍ਰਾਂਡ ਲਈ ਸਥਿਤੀ ਬਹੁਤ ਚੁਣੌਤੀਪੂਰਨ ਹੈ ਅਤੇ ਚੀਜ਼ਾਂ 'ਤੇ ਵਿਚਾਰ ਕਰਨਾ ਜ਼ਰੂਰੀ ਹੈ।
ਸਟਾਰਬਕਸ ਨੇ ਪਿਛਲੇ ਸ਼ੁੱਕਰਵਾਰ ਨੂੰ ਇਹ ਵੀ ਕਿਹਾ ਸੀ ਕਿ ਉਹ ਆਪਣੇ 130 ਰੂਸੀ ਸਟੋਰਾਂ ਤੋਂ ਮੁਨਾਫੇ ਯੂਕਰੇਨ ਵਿੱਚ ਮਾਨਵਤਾਵਾਦੀ ਰਾਹਤ ਯਤਨਾਂ ਲਈ ਦਾਨ ਕਰ ਰਿਹਾ ਹੈ। ਇਸ ਦੇ ਨਾਲ ਹੀ ਮਸ਼ਹੂਰ ਪੀਣ ਵਾਲੇ ਬ੍ਰਾਂਡ ਕੋਕਾ-ਕੋਲਾ ਨੇ ਵੀ ਰੂਸ ਵਿੱਚ ਆਪਣੇ ਕਾਰੋਬਾਰ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ।
ਹਾਲਾਂਕਿ ਕੰਪਨੀ ਨੇ ਇਸ ਸਬੰਧ 'ਚ ਹੋਰ ਜਾਣਕਾਰੀ ਨਹੀਂ ਦਿੱਤੀ ਹੈ। ਕੋਕ ਦੀ ਸਾਂਝੀਦਾਰ, ਸਵਿਟਜ਼ਰਲੈਂਡ-ਅਧਾਰਤ ਕੋਕਾ-ਕੋਲਾ ਹੈਲੇਨਿਕ ਬੋਟਲਿੰਗ ਕੰਪਨੀ, ਦੇ ਰੂਸ ਵਿੱਚ 10 ਬੋਟਲਿੰਗ ਪਲਾਂਟ ਹਨ, ਜੋ ਇਸਦਾ ਸਭ ਤੋਂ ਵੱਡਾ ਬਾਜ਼ਾਰ ਹੈ। ਕੋਕਾ-ਕੋਲਾ ਹੈਲੇਨਿਕ ਬੋਟਲਿੰਗ ਕੰਪਨੀ ਵਿੱਚ ਕੋਕ 21 ਫੀਸਦ ਹਿੱਸੇਦਾਰੀ ਹੈ।
ਇਸ ਦੇ ਨਾਲ ਹੀ ਪੈਪਸੀਕੋ ਅਤੇ ਜਨਰਲ ਇਲੈਕਟ੍ਰਿਕ ਨੇ ਵੀ ਰੂਸ 'ਚ ਆਪਣੇ ਕਾਰੋਬਾਰ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ ਹੈ। ਪੈਪਸੀਕੋ ਨੇ ਕਿਹਾ ਕਿ ਉਹ ਰੂਸ ਵਿੱਚ ਆਪਣੇ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਬੰਦ ਕਰ ਦੇਵੇਗੀ। ਇਸ ਦੇ ਨਾਲ, ਇਹ ਉੱਥੇ ਹਰ ਤਰ੍ਹਾਂ ਦੇ ਪੂੰਜੀ ਨਿਵੇਸ਼ ਅਤੇ ਪ੍ਰਚਾਰ ਸੰਬੰਧੀ ਗਤੀਵਿਧੀਆਂ ਨੂੰ ਵੀ ਮੁਅੱਤਲ ਕਰ ਦੇਵੇਗਾ।