ਕੀਵ:ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 34ਵਾਂ ਦਿਨ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਆਨ ਨੇ ਕਿਹਾ ਹੈ ਕਿ ਉਹ ਅੱਜ (ਮੰਗਲਵਾਰ) ਵਾਰਤਾ ਤੋਂ ਪਹਿਲਾਂ ਯੂਕਰੇਨ ਅਤੇ ਰੂਸ ਦੇ ਪ੍ਰਤੀਨਿਧ ਮੰਡਲਾਂ ਨਾਲ ਸੰਖੇਪ ਬੈਠਕ ਕਰਨਗੇ।
ਦੱਸ ਦਈਏ ਕਿ ਰੂਸ ਅਤੇ ਯੂਕਰੇਨ ਦੇ ਵਾਰਤਾਕਾਰ ਅੱਜ ਤੋਂ ਇਸਤਾਂਬੁਲ ਵਿੱਚ ਸ਼ੁਰੂ ਹੋਣ ਵਾਲੀ ਦੋ ਦਿਨਾਂ ਆਹਮੋ-ਸਾਹਮਣੇ ਗੱਲਬਾਤ ਵਿੱਚ ਹਿੱਸਾ ਲੈਣਗੇ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸਪੱਸ਼ਟ ਕੀਤਾ ਕਿ ਉਹ ਹਫਤੇ ਦੇ ਅੰਤ 'ਤੇ ਕੀਤੀਆਂ ਗਈਆਂ ਆਪਣੀਆਂ ਟਿੱਪਣੀਆਂ ਤੋਂ ਕੁਝ ਵੀ ਵਾਪਸ ਨਹੀਂ ਲੈ ਰਹੇ ਹਨ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸੱਤਾ 'ਚ ਰਹਿਣ ਦੇ ਲਾਇਕ ਨਹੀਂ ਹਨ। ਬਾਈਡਨ ਨੇ ਹਾਲਾਂਕਿ ਜ਼ੋਰ ਦੇ ਕੇ ਕਿਹਾ ਕਿ ਉਹ ਮਾਸਕੋ ਵਿੱਚ ਸੱਤਾ ਤਬਦੀਲੀ ਦੀ ਮੰਗ ਨਹੀਂ ਕਰ ਰਿਹਾ ਸੀ।
ਉਸਨੇ ਕਿਹਾ, ਮੈਂ ਇਸ ਆਦਮੀ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਿਹਾ ਸੀ। ਮੈਂ ਨੀਤੀ ਤਬਦੀਲੀ ਬਾਰੇ ਗੱਲ ਕਰ ਰਿਹਾ ਸੀ। ਬਾਈਡਨ ਨੇ ਕਿਹਾ ਕਿ ਉਹ ਇਸ ਗੱਲ ਤੋਂ ਚਿੰਤਤ ਨਹੀਂ ਹਨ ਕਿ ਉਨ੍ਹਾਂ ਦੀਆਂ ਟਿੱਪਣੀਆਂ ਨਾਲ ਯੂਕਰੇਨ ਵਿੱਚ ਜੰਗ ਨੂੰ ਲੈ ਕੇ ਤਣਾਅ ਵਧੇਗਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ਇਹ ਸਿਰਫ਼ ਇੱਕ ਸਧਾਰਨ ਗੱਲ ਨੂੰ ਸਪੱਸ਼ਟ ਕਰ ਰਿਹਾ ਹੈ ਕਿ ਇਸ ਤਰ੍ਹਾਂ ਦਾ ਵਿਵਹਾਰ ਬਿਲਕੁੱਲ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਏਰਦੋਆਨ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਆਪਣੇ ਟੈਲੀਵਿਜ਼ਨ ਸੰਬੋਧਨ 'ਚ ਕਿਹਾ ਕਿ ਉਹ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਵੱਖ-ਵੱਖ ਫੋਨ 'ਤੇ ਗੱਲ ਕਰ ਰਹੇ ਹਨ ਅਤੇ ਦੋਹਾਂ ਨੇਤਾਵਾਂ ਨਾਲ ਗੱਲਬਾਤ ਸਹੀ ਦਿਸ਼ਾ 'ਚ ਅੱਗੇ ਵਧ ਰਹੀ ਹੈ। ਉਨ੍ਹਾਂ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ।
ਨਾਟੋ ਨੂੰ ਮਜ਼ਬੂਤ ਕਰਨ ਲਈ ਅਮਰੀਕਾ ਨੇ ਛੇ ਜਲ ਸੈਨਾ ਦੇ ਜਹਾਜ਼ ਕੀਤੇ ਤੈਨਾਤ