ਨਵੀਂ ਦਿੱਲੀ:ਰਾਜਧਾਨੀ ਦਿੱਲੀ ਵਿੱਚ ਕੋਰੋਨਾ JN.1 ਦੇ ਨਵੇਂ ਰੂਪ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਲਈ ਭੇਜੇ ਗਏ ਤਿੰਨ ਨਮੂਨਿਆਂ ਵਿੱਚੋਂ ਇੱਕ ਵਿੱਚ JN.1 ਅਤੇ ਦੂਜੇ ਦੋ ਵਿੱਚ ਓਮਾਈਕਰੋਨ ਵਾਇਰਸ ਹੈ। ਨਵੇਂ ਵੇਰੀਐਂਟ ਦੇ ਆਉਣ ਤੋਂ ਬਾਅਦ ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਇਸ ਨਾਲ ਹਲਕੀ ਬਿਮਾਰੀ ਹੀ ਹੁੰਦੀ ਹੈ। ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਜੇਐਨ.1 ਓਮਿਕਰੋਨ ਦਾ ਸਬ-ਵੇਰੀਐਂਟ ਹੈ ਅਤੇ ਇੱਕ ਹਲਕਾ ਇਨਫੈਕਸ਼ਨ ਹੈ। ਇਹ ਦੱਖਣੀ ਭਾਰਤ ਵਿੱਚ ਫੈਲ ਰਿਹਾ ਹੈ। ਘਬਰਾਉਣ ਦੀ ਕੋਈ ਲੋੜ ਨਹੀਂ ਹੈ।"
RTPCR ਟੈਸਟ ਸ਼ੁਰੂ: ਦਿੱਲੀ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਪਛਾਣ ਕਰਨ ਲਈ RTPCR ਟੈਸਟ ਸ਼ੁਰੂ ਕੀਤਾ ਗਿਆ ਹੈ। ਭਾਰਦਵਾਜ ਨੇ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਵਿੱਚ ਰੋਜ਼ਾਨਾ 250 ਤੋਂ 400 ਆਰਟੀਪੀਸੀਆਰ ਟੈਸਟ ਕੀਤੇ ਜਾ ਰਹੇ ਹਨ। ਕੱਲ੍ਹ ਕੀਤੇ ਗਏ ਸਾਰੇ ਟੈਸਟਾਂ ਵਿੱਚੋਂ, ਕੋਰੋਨਾ ਦੇ ਦੋ ਨਵੇਂ ਕੇਸ ਪਾਏ ਗਏ ਹਨ। ਇਸ ਸਮੇਂ ਹਸਪਤਾਲਾਂ ਵਿੱਚ ਚਾਰ-ਪੰਜ ਕੋਰੋਨਾ ਮਰੀਜ਼ ਦਾਖ਼ਲ ਹਨ। ਹਾਲਾਂਕਿ ਹੁਣ ਤੱਕ ਕੋਰੋਨਾ ਕਾਰਨ ਕਿਸੇ ਮਰੀਜ਼ ਦੀ ਮੌਤ ਹੋਣ ਦੀ ਕੋਈ ਖਬਰ ਨਹੀਂ ਹੈ। ਸਿਹਤ ਮੰਤਰੀ ਨੇ ਕਿਹਾ ਕਿ ਮੈਂ ਸਿਹਤ ਸਕੱਤਰ ਨੂੰ ਇੱਕ ਨੋਟ ਭੇਜਿਆ ਹੈ। ਇਸ ਵਿੱਚ ਮੈਂ ਉਨ੍ਹਾਂ ਨੂੰ ਹਰ ਰੋਜ਼ ਨਵੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਭੇਜਣ ਲਈ ਕਿਹਾ ਹੈ। ਨਾਲ ਹੀ ਕਰੋਨਾ ਦੇ ਦੋ ਪਾਜ਼ੀਟਿਵ ਮਰੀਜ਼ ਮਿਲੇ ਹਨ, ਉਨ੍ਹਾਂ ਦੀ ਜੀਨੋਮ ਸੀਕੁਏਂਸਿੰਗ ਕਰਵਾਓ ਅਤੇ ਮੈਨੂੰ ਰੋਜ਼ਾਨਾ ਰਿਪੋਰਟ ਭੇਜੋ।