ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ’ਚ ਸ਼ੁੱਕਰਵਾਰ ਨੂੰ ਰੇਲ ਅਤੇ ਸੜਕ ਆਵਾਜਾਈ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਨਾਲ ਹੀ ਬਾਜ਼ਾਰ ਵੀ ਬੰਦ ਰਹਿ ਸਕਦੇ ਹਨ, ਕਿਉਂਕਿ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਸੰਗਠਨਾਂ ਨੇ ਸੰਪੂਰਨ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਹਾਲਾਂਕਿ ਜਿਨ੍ਹਾਂ ਪੰਜ ਰਾਜਾਂ ’ਚ ਚੋਣਾਂ ਹੋਣ ਜਾ ਰਹੀਆਂ ਹਨ, ਉੱਥੇ ਬੰਦ ਦਾ ਅਸਰ ਨਹੀ ਦਿਖੇਗਾ।
ਸੰਯੁਕਤ ਕਿਸਾਨ ਮੋਰਚੇ ਅਨੁਸਾਰ ਦੇਸ਼ਭਰ ਦੇ ਰਾਸ਼ਟਰ ਵਿਆਪੀ ਬੰਦ 26 ਮਾਰਚ ਸਵੇਰੇ ਛੇ ਵਜੇ ਤੋਂ ਸ਼ੁਰੂ ਹੋਵੇਗਾ ਅਤੇ ਸ਼ਾਮ ਦੇ ਛੇ ਵਜੇ ਤੱਕ ਜਾਰੀ ਰਹੇਗਾ। ਦਿੱਲੀ ਦੇ ਤਿੰਨ ਬਾਰਡਰਾਂ ਸਿੰਘੂ, ਗਾਜੀਪੁਰ ਅਤੇ ਟਿਕਰੀ ’ਤੇ ਕਿਸਾਨ ਅੰਦੋਲਨ ਦੇ ਚਾਰ ਮਹੀਨੇ ਪੂਰੇ ਹੋਣ ਜਾ ਰਹੇ ਹਨ।
ਉੱਘੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੜਕ ਅਤੇ ਰੇਲ ਯਾਤਾਯਾਤ ਨੂੰ ਰੋਕਿਆ ਜਾਵੇਗਾ ਅਤੇ ਬਾਜ਼ਾਰ ਵੀ ਬੰਦ ਰਹਿਣਗੇ। ਮੋਰਚੇ ਨੇ ਐਲਾਨ ਕੀਤਾ ਕਿ ਰਾਸ਼ਟਰੀ ਰਾਜਧਾਨੀ ਨੂੰ ਵੀ ਬੰਦ ਕੀਤਾ ਜਾਵੇਗਾ। ਰਾਜੇਵਾਲ ਨੇ ਕਿਹਾ ਕਿ ਸੰਗਠਿਤ ਅਤੇ ਅਸੰਗਠਿਤ ਖੇਤਰਾਂ ਨਾਲ ਜੁੜੀਆਂ ਵਪਾਰਕ ਯੂਨੀਅਨਾਂ ਅਤੇ ਪਰਿਵਹਨ ਅਤੇ ਹੋਰਨਾਂ ਸੰਗਠਨਾਂ ਨੇ ਭਾਰਤ ਬੰਦ ਦੇ ਕਿਸਾਨਾਂ ਦੇ ਸੱਦੇ ਦਾ ਸਮਰਥਨ ਕੀਤਾ ਹੈ।
ਉਨ੍ਹਾਂ ਕਿਹਾ ਕਿ, ਕਿਸਾਨ ਵੱਖ ਵੱਖ ਸਥਾਨਾਂ ’ਤੇ ਰੇਲਾਂ ਰੋਕਣਗੇ। ਭਾਰਤ ਬੰਦ ਦੌਰਾਨ ਬਾਜ਼ਾਰ ਅਤੇ ਟਰਾਂਸਪੋਰਟ ਸੇਵਾਵਾਂ ਬੰਦ ਰਹਿਣਗੀਆਂ। ਰਾਜੇਵਾਲ ਨੇ ਕਿਹਾ ਕਿ ਹਾਲਾਂਕਿ ਐਮਰਜੈਂਸੀ ਅਤੇ ਅੱਗ ਬੁਝਾਊ ਸੇਵਾਵਾਂ ਚਾਲੂ ਰਹਿਣਗੀਆਂ।