ਨਵੀਂ ਦਿੱਲੀ: ਗਣਤੰਤਰ ਦਿਵਸ ਦੇ ਮੌਕੇ 'ਤੇ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ 'ਤੇ ਪੁਲਿਸ ਦੀ ਕਾਰਵਾਈ ਤੇਜ਼ ਹੋ ਰਹੀ ਹੈ। ਇਸ ਵਿੱਚ ਐਫ਼ਆਈਆਰ ਦੀ ਗਿਣਤੀ ਵੀ ਵੱਧ ਰਹੀ ਹੈ। ਦਿੱਲੀ ਪੁਲਿਸ ਨੇ ਹੁਣ ਤੱਕ 33 ਐਫ਼ਆਈਆਰ ਦਰਜ ਕਰ ਲਈਆਂ ਹਨ, ਜਦੋਂ ਕਿ ਕਿਸਾਨ ਆਗੂਆਂ ਸਣੇ ਕੁੱਲ 44 ਵਿਅਕਤੀਆਂ ਖ਼ਿਲਾਫ਼ ਲੁੱਕ-ਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ। ਪੁਲਿਸ ਚਾਹੁੰਦੀ ਹੈ ਕਿ ਜਾਂਚ ਪੂਰੀ ਹੋਣ ਤੱਕ ਇਹ ਲੋਕ ਦੇਸ਼ ਤੋਂ ਬਾਹਰ ਨਾਂਹ ਜਾਣ।
ਕਿਸਾਨ ਪਰੇਡ ਹਿੰਸਾ ਵਿੱਚ ਹੁਣ ਤੱਕ 33 ਐਫ਼ਆਈਆਰ ਦਰਜ
ਪੁਲਿਸ ਮੁਤਾਬਕ ਗਣਤੰਤਰ ਦਿਵਸ ਦੇ ਮੌਕੇ ‘ਤੇ ਟਰੈਕਟਰ ਰੈਲੀ ਲਈ ਨਿਰਧਾਰਤ ਸਾਰੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ। ਅੰਦੋਲਨਕਾਰੀਆਂ ਨੇ ਵੱਖ-ਵੱਖ ਥਾਂਵਾਂ 'ਤੇ ਹਿੰਸਾ ਫੈਲਾਈ ਅਤੇ 394 ਪੁਲਿਸ ਮੁਲਾਜ਼ਮ ਜ਼ਖ਼ਮੀ ਕਰ ਦਿੱਤੇ। ਇਨ੍ਹਾਂ ਘਟਨਾਵਾਂ ਲਈ ਲਗਾਤਾਰ ਐਫ਼ਆਈਆਰ ਦਰਜ ਕੀਤੀਆਂ ਜਾ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਹੈਡਕੁਆਟਰਾਂ ਤੋਂ ਹੁਣ ਤੱਕ ਵੱਖ-ਵੱਖ ਥਾਣਿਆਂ ਵਿੱਚ ਕੁੱਲ 33 ਐਫ਼ਆਈਆਰ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 9 ਮਾਮਲਿਆਂ ਦੀ ਜਾਂਚ ਕਰਾਈਮ ਬ੍ਰਾਂਚ ਵੱਲੋਂ ਕੀਤੀ ਜਾਏਗੀ, ਜਦੋਂ ਕਿ ਦੂਜੇ ਮਾਮਲਿਆਂ ਦੀ ਪੜਤਾਲ ਸਥਾਨਕ ਥਾਣਾ ਸਦਰ ਕਰੇਗੀ। ਪੁਲਿਸ ਕਮਿਸ਼ਨਰ ਤਰਫੋਂ ਇਹ ਵੀ ਕਿਹਾ ਗਿਆ ਹੈ ਕਿ ਜੋ ਲੋਕ ਹਿੰਸਾ ਵਿੱਚ ਸ਼ਾਮਿਲ ਹਨ, ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।