ਸ੍ਰੀਨਗਰ: ਭਾਰਤ ਇਸ ਸਾਲ ਦਸੰਬਰ ਵਿੱਚ ਹੋਣ ਵਾਲੇ ਜੀ-20 ਸੰਮੇਲਨ ਦੀ ਪ੍ਰਧਾਨਗੀ ਕਰੇਗਾ। ਇਹ ਅੰਤਰਰਾਸ਼ਟਰੀ ਸੰਮੇਲਨ 2023 ਵਿੱਚ ਜੰਮੂ-ਕਸ਼ਮੀਰ ਵਿੱਚ ਹੋਣ ਦੀ ਸੰਭਾਵਨਾ ਹੈ। ਪਾਕਿਸਤਾਨ ਨੇ ਜੰਮੂ-ਕਸ਼ਮੀਰ 'ਚ ਜੀ-20 ਬੈਠਕਾਂ ਦੇ ਆਯੋਜਨ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਅੰਤਰਰਾਸ਼ਟਰੀ ਗਤੀਵਿਧੀ ਜੰਮੂ-ਕਸ਼ਮੀਰ ਦੇ ਵਿਵਾਦਿਤ ਖੇਤਰ 'ਚ ਨਹੀਂ ਹੋ ਸਕਦੀ। ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਜੀ-20 ਬੈਠਕਾਂ 'ਚ ਕਿਹਾ ਕਿ ਇਹ ਜੰਮੂ-ਕਸ਼ਮੀਰ ਲਈ ਮਾਣ ਵਾਲੀ ਗੱਲ ਹੈ। ਘਾਟੀ ਦੀਆਂ ਸਿਆਸੀ ਪਾਰਟੀਆਂ ਨੇ ਮੀਟਿੰਗ ਨੂੰ ਲੈ ਕੇ ਰਲਵੀਂ-ਮਿਲਵੀਂ ਪ੍ਰਤੀਕਿਰਿਆ ਦਿੱਤੀ ਹੈ।
ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਗੁਲਾਮ ਹਸਨ ਮੀਰ ਨੇ ਈਟੀਵੀ ਇੰਡੀਆ ਨੂੰ ਦੱਸਿਆ ਕਿ ਅਜਿਹੀ ਮੀਟਿੰਗ ਕਰਵਾਉਣ ਨਾਲ ਜੰਮੂ-ਕਸ਼ਮੀਰ ਦਾ ਮਾਣ ਵਧੇਗਾ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੁਨੀਆ 'ਚ ਹਿੰਸਾ ਲਈ ਜਾਣਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਦੀ ਅੰਤਰਰਾਸ਼ਟਰੀ ਬੈਠਕ ਜੰਮੂ-ਕਸ਼ਮੀਰ ਦਾ ਮਾਣ ਵਧਾਏਗੀ। ਇਸ ਦੌਰਾਨ ਪੀਡੀਪੀ ਦੇ ਬੁਲਾਰੇ ਸਾਕਿਬ ਮਦਨੀ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਸਰਕਾਰ ਖੁਦ ਮੰਨ ਰਹੀ ਹੈ ਕਿ ਕਸ਼ਮੀਰ ਵਿੱਚ ਸੁਰੱਖਿਆ ਸਥਿਤੀ ਵਿਗੜ ਰਹੀ ਹੈ, ਜਿਸ ਕਾਰਨ ਜੰਮੂ-ਕਸ਼ਮੀਰ ਵਿੱਚ ਜੀਐਸਟੀ ਕੌਂਸਲ ਦੀ ਮੀਟਿੰਗ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵੀ ਜੀ-20 ਬੈਠਕ ਮਹਿਜ਼ ਪੀਆਰ ਅਭਿਆਸ ਹੈ।