ਨਵੀਂ ਦਿੱਲੀ: ਰਾਜਧਾਨੀ ਵਿੱਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਮੰਦਭਾਗਾ ਕਰਾਰ ਦਿੱਤਾ ਹੈ। ਰਵਨੀਤ ਬਿੱਟੂ ਨੇ ਇਸ ਘਟਨਾ ਪਿੱਛੇ ਸਿੱਖਸ ਫਾਰ ਜਸਟਿਸ ਦਾ ਹੱਥ ਦੱਸਿਆ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬੀ ਪੂਰੇ ਦੇਸ਼ ਦਾ ਢਿੱਡ ਭਰਦੇ ਹਨ ਪਰ ਅੱਜ ਕੁੱਝ ਲੋਕਾਂ ਨੇ ਸਾਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਹੈ।
ਰਵਨੀਤ ਬਿੱਟੂ ਨੇ ਕਿਹਾ ਕਿ ਸਿੱਖਸ ਫਾਰ ਜਸਟਿਸ ਨੇ ਸਾਫ਼ ਕਿਹਾ ਸੀ ਕਿ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਇਆ ਜਾਵੇਗਾ। ਕਿਸਾਨ ਆਪਣੀ ਪਰੇਡ ਕੱਢਦੇ, ਇਸ ਤੋਂ ਪਹਿਲਾਂ ਹੀ ਅਜਿਹੇ ਸ਼ਰਾਰਤੀ ਤੱਤਾਂ ਨੇ ਆਪਣੀ ਯੋਜਨਾ ਘੜ ਲਈ। ਰਵਨੀਤ ਬਿੱਟੂ ਨੇ ਕਿਹਾ ਕਿ ਹਿੰਸਾ ਦੀ ਯੋਜਨਾ ਦੀਪ ਸਿੱਧੂ ਵੱਲੋਂ ਹੀ ਬਣਾਈ ਗਈ ਸੀ ਅਤੇ ਰਾਤ ਨੂੰ ਇਨ੍ਹਾਂ ਦੇ ਲੋਕ ਅੰਦੋਲਨ 'ਚ ਪਹੁੰਚ ਚੁੱਕੇ ਸਨ। ਰਵਨੀਤ ਬਿੱਟੂ ਨੇ ਕਿਹਾ ਕਿ ਲਾਲ ਕਿਲ੍ਹੇ 'ਤੇ ਜਾਣ ਜਾਂ ਉੱਥੇ ਝੰਡਾ ਲਹਿਰਾਉਣ ਦਾ ਕਿਸੇ ਕਿਸਾਨ ਆਗੂ ਦਾ ਕੋਈ ਪ੍ਰੋਗਰਾਮ ਨਹੀਂ ਸੀ।
ਲਾਲ ਕਿਲ੍ਹੇ ਦੀ ਘਟਨਾ ਪਿੱਛੇ ਸਿੱਖਸ ਫਾਰ ਜਸਟਿਸ ਦਾ ਹੱਥ: ਰਵਨੀਤ ਬਿੱਟੂ ਰਵਨੀਤ ਬਿੱਟੂ ਨੇ ਕਿਹਾ ਕਿ ਇਹ ਲੋਕ ਹਥਿਆਰ ਲੈ ਕੇ ਲਾਲ ਕਿਲ੍ਹੇ ਅੰਦਰ ਗਏ ਸਨ ਅਤੇ ਜੇਕਰ ਇਹ ਕਿਸਾਨ ਹੁੰਦੇ ਤਾਂ ਉੱਥੇ ਬੈਠ ਜਾਂਦੇ ਅਤੇ ਆਪਣੀਆਂ ਗ੍ਰਿਫ਼ਤਾਰੀਆਂ ਦਿੰਦੇ ਪਰ ਉਨ੍ਹਾਂ ਵੱਲੋਂ ਅਜਿਹਾ ਕੁੱਝ ਨਹੀਂ ਕੀਤਾ ਗਿਆ। ਰਵਨੀਤ ਬਿੱਟੂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਝੰਡਾ ਲਹਿਰਾ ਕੇ ਉਸ ਦੀਆਂ ਤਸਵੀਰਾਂ ਖਿੱਚੀਆਂ ਅਤੇ ਉਸੇ ਸਮੇਂ ਪਾਕਿਸਤਾਨ ਨੇ ਆਪਣੇ ਚੈਨਲਾਂ 'ਤੇ ਪਾ ਦਿੱਤਾ ਕਿ ਅੱਜ 26 ਜਨਵਰੀ ਨੂੰ 72ਵੇਂ ਗਣਤੰਤਰ ਦਿਹਾੜੇ 'ਤੇ ਖ਼ਾਲਿਸਤਾਨ ਦਾ ਲਾਲ ਕਿਲ੍ਹੇ 'ਤੇ ਕਬਜ਼ਾ ਹੋ ਗਿਆ। ਰਵਨੀਤ ਬਿੱਟੂ ਨੇ ਕਿਹਾ ਕਿ ਲਾਲ ਕਿਲ੍ਹੇ ਦੀ ਘਟਨਾ ਨੇ ਹਰ ਪੰਜਾਬੀ ਦੇ ਮਨ ਨੂੰ ਠੇਸ ਪਹੁੰਚਾਈ ਹੈ।
ਰਵਨੀਤ ਬਿੱਟੂ ਨੇ ਅਖ਼ੀਰ 'ਚ ਦਾਅਵਾ ਕੀਤਾ ਕਿ ਜੇਕਰ ਅਸੀਂ ਸਾਰੇ ਇਕੱਠੇ ਹੋ ਕੇ ਤਿੰਨੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਲੜਾਂਗੇ ਤਾਂ ਇਹ ਕਾਨੂੰਨ ਜ਼ਰੂਰ ਰੱਦ ਹੋਣਗੇ ਅਤੇ ਸੰਸਦ ਦੇ ਪਹਿਲੇ ਹਫ਼ਤੇ ਹੀ ਉਨ੍ਹਾਂ ਹੀ ਜਿੱਤ ਹੋ ਜਾਵੇਗੀ।