ਕੋਲੰਬੋ: ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਸ਼ਨੀਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਦੇਸ਼ ਦੀ ਕਮਾਨ ਸਪੀਕਰ ਨੂੰ ਸੌਂਪੀ ਜਾ ਸਕਦੀ ਹੈ। ਨਵਾਂ ਨੇਤਾ ਚੁਣੇ ਜਾਣ ਤੱਕ ਉਹ ਇਹ ਅਹੁਦਾ ਸੰਭਾਲਣਗੇ।
ਹਾਲਾਂਕਿ ਸ਼੍ਰੀਲੰਕਾ 'ਚ ਪੈਦਾ ਹੋਏ ਸੰਕਟ ਲਈ ਰਾਜਪਕਸ਼ੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਸੜਕਾਂ 'ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਿਸ਼ੇਸ਼ ਟਾਸਕ ਫੋਰਸ ਤਾਇਨਾਤ ਕੀਤੀ ਗਈ ਹੈ। ਰਾਨਿਲ ਵਿਕਰਮਸਿੰਘੇ ਦੇ ਅਸਤੀਫੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ''ਅੱਜ ਪਾਰਟੀ ਨੇਤਾਵਾਂ ਦੀ ਬੈਠਕ 'ਚ ਸਾਰੇ ਨਾਗਰਿਕਾਂ ਦੀ ਸੁਰੱਖਿਆ ਸਮੇਤ ਸਰਕਾਰ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਸਰਬ ਪਾਰਟੀ ਸਰਕਾਰ ਬਣਾਉਣ ਦਾ ਫੈਸਲਾ ਕੀਤਾ ਗਿਆ। ਇਸ ਫੈਸਲੇ ਨੂੰ ਆਸਾਨ ਬਣਾਉਣ ਲਈ ਮੈਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ।
"ਇੱਥੇ ਸਪੀਕਰ ਦੇ ਘਰ ਹੋਈ ਬੈਠਕ ਤੋਂ ਬਾਅਦ ਸੰਸਦ ਮੈਂਬਰ ਹਰਸ਼ਾ ਡੀ ਸਿਲਵਾ ਨੇ ਟਵੀਟ ਕੀਤਾ ਕਿ ਬੈਠਕ 'ਚ ਫੈਸਲਾ ਲਿਆ ਗਿਆ ਕਿ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਤੁਰੰਤ ਅਹੁਦਾ ਛੱਡ ਦੇਣਾ ਚਾਹੀਦਾ ਹੈ। ਕਾਰਜਕਾਰੀ ਪ੍ਰਧਾਨ ਦੀ ਨਿਯੁਕਤੀ ਵੱਧ ਤੋਂ ਵੱਧ 30 ਦਿਨਾਂ ਲਈ ਹੋਣੀ ਚਾਹੀਦੀ ਹੈ। ਅਗਲੇ ਕੁਝ ਦਿਨਾਂ ਵਿੱਚ ਅੰਤਰਿਮ ਸਰਬ ਪਾਰਟੀ ਸਰਕਾਰ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ ਅਤੇ ਚੋਣਾਂ ਜਲਦੀ ਹੋਣੀਆਂ ਚਾਹੀਦੀਆਂ ਹਨ।