ਨਵੀਂ ਦਿੱਲੀ: 1971 ਦੀ ਜੰਗ ਵਿੱਚ ਭਾਰਤ ਦੀ ਇਤਿਹਾਸਕ ਜਿੱਤ ਅਤੇ ਭਾਰਤ-ਬੰਗਲਾਦੇਸ਼ ਦੋਸਤੀ ਦੇ 50 ਸਾਲ ਪੂਰੇ ਹੋਣ ਦੀ ਯਾਦ ਵਿੱਚ ਅੱਜ ਤੋਂ ਇੰਡੀਆ ਗੇਟ ਵਿਖੇ ‘ਸਵਰਨਿਮ ਵਿਜੇ ਪਰਵ’ ਮਨਾਇਆ ਜਾ ਰਿਹਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਵੇਰੇ ਪ੍ਰੋਗਰਾਮ ਦਾ ਉਦਘਾਟਨ ਕੀਤਾ।
ਉਦਘਾਟਨੀ ਸਮਾਰੋਹ ਵਿੱਚ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਨੇ ਬੰਗਲਾਦੇਸ਼ ਵਿੱਚ ਲੋਕਤੰਤਰ ਦੀ ਸਥਾਪਨਾ ਵਿੱਚ ਯੋਗਦਾਨ ਪਾਇਆ ਹੈ। ਅੱਜ ਅਸੀਂ ਬਹੁਤ ਖੁਸ਼ ਹਾਂ ਕਿ ਬੰਗਲਾਦੇਸ਼ ਪਿਛਲੇ 50 ਸਾਲਾਂ ਵਿੱਚ ਵਿਕਾਸ ਦੇ ਰਾਹ 'ਤੇ ਅੱਗੇ ਵਧਿਆ ਹੈ। ਉਨ੍ਹਾਂ ਕਿਹਾ ਕਿ ਅੱਜ ਮੈਂ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਦੇ ਹਰ ਸੈਨਿਕ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਸਲਾਮ ਕਰਦਾ ਹਾਂ, ਜਿਸ ਦੀ ਬਦੌਲਤ ਭਾਰਤ ਨੇ 1971 ਦੀ ਜੰਗ ਜਿੱਤੀ ਸੀ। ਦੇਸ਼ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ।
'ਸਵਰਨਿਮ ਵਿਜੇ ਪਰਵ' ਦੌਰਾਨ ਵੱਡੀਆਂ ਲੜਾਈਆਂ ਦੇ ਅੰਸ਼ਾਂ ਦੇ ਨਾਲ 1971 ਦੀ ਜੰਗ ਦੌਰਾਨ ਵਰਤੇ ਗਏ ਪ੍ਰਮੁੱਖ ਹਥਿਆਰਾਂ ਅਤੇ ਸਾਜ਼ੋ-ਸਾਮਾਨ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ। ਆਮ ਲੋਕ ਅੱਜ ਤੋਂ ਇਸ ਪ੍ਰੋਗਰਾਮ ਦਾ ਆਨੰਦ ਲੈ ਸਕਦੇ ਹਨ।
ਪ੍ਰੋਗਰਾਮ ਦਾ ਸਮਾਪਤੀ ਸਮਾਰੋਹ ਸੋਮਵਾਰ ਨੂੰ ਹੋਵੇਗਾ, ਜਿਸ 'ਚ ਬੰਗਲਾਦੇਸ਼ ਤੋਂ ਆਏ ਲੋਕ ਵੀ ਸ਼ਿਰਕਤ ਕਰਨਗੇ।
ਇਸ ਮੌਕੇ ਮਰਹੂਮ CDS ਜਨਰਲ ਬਿਪਿਨ ਰਾਵਤ ਦਾ ਪੂਰਵ-ਰਿਕਾਰਡ ਕੀਤਾ ਸੰਦੇਸ਼ ਅੱਜ ਦਿੱਲੀ ਵਿੱਚ ਇੰਡੀਆ ਗੇਟ ਲਾਅਨ ਵਿੱਚ 'ਸਵਰਨਿਮ ਵਿਜੇ ਪਰਵ' ਦੇ ਉਦਘਾਟਨ ਮੌਕੇ ਇੱਕ ਸਮਾਗਮ ਵਿੱਚ ਚਲਾਇਆ ਗਿਆ। ਇਹ ਸੰਦੇਸ਼ 7 ਦਸੰਬਰ ਨੂੰ ਰਿਕਾਰਡ ਕੀਤਾ ਗਿਆ ਸੀ।