ਨਵੀਂ ਦਿੱਲੀ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਚੱਲ ਰਹੇ ਕਿਸਾਨ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਐਤਵਾਰ ਨੂੰ ਕੇਂਦਰ 'ਤੇ ਹਮਲਾ ਕੀਤਾ। ਪ੍ਰਧਾਨ ਮੰਤਰੀ ਦੇ 'ਮਨ ਕੀ ਬਾਤ' ਪ੍ਰੋਗਰਾਮ 'ਤੇ ਨਿਸ਼ਾਨਾ ਲਾਉਂਦਿਆਂ ਰਾਹੁਲ ਨੇ ਕਿਹਾ ਕਿ ਇਹ ਕਿਸਾਨਾਂ ਦੀ ਗੱਲ ਕਰਨ ਦਾ ਸਮਾਂ ਹੈ। ਰਾਹੁਲ ਗਾਂਧੀ ਨੇ ਹਿੰਦੀ ਵਿੱਚ ਟਵੀਟ ਕੀਤਾ, ''ਵਾਅਦਾ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ, ਮੋਦੀ ਸਰਕਾਰ ਨੇ ਆਮਦਨ ਤਾਂ ਕਈ ਗੁਣਾ ਵਧਾਈ ਦਿੱਤੀ, ਪਰ ਅਡਾਨੀ-ਅੰਬਾਨੀ ਦੀ।''
ਉਨ੍ਹਾਂ ਅੱਗੇ ਲਿਖਿਆ, ''ਜਿਹੜੇ ਕਾਲੇ ਖੇਤੀ ਕਾਨੂੰਨਾਂ ਨੂੰ ਹੁਣ ਤੱਕ ਸਹੀ ਦੱਸ ਰਹੇ ਹਨ, ਉਹ ਕੀ ਖਾਕ ਕਿਸਾਨਾਂ ਦੇ ਹੱਕ ਵਿੱਚ ਹੱਲ ਕੱਢਣਗੇ।''
ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਸਿੰਘੂ ਅਤੇ ਟਿਕਰੀ ਸਰਹੱਦ ਐਂਟਰੀ ਪੁਆਇੰਟਾਂ 'ਤੇ ਰੈਲੀ ਜਾਰੀ ਰੱਖੀ ਹੈ, ਉਥੇ ਉੱਤਰ ਪ੍ਰਦੇਸ਼ ਦੇ ਕਿਸਾਨ ਵੀ ਕੌਮੀ ਰਾਜਧਾਨੀ ਵਿੱਚ ਦਾਖ਼ਲ ਹੋਣ ਲਈ ਐਤਵਾਰ ਸਵੇਰੇ ਦਿੱਲੀ-ਗਾਜ਼ੀਪੁਰ ਸਰਹੱਦ ਨਜ਼ਦੀਕ ਗਾਜ਼ੀਪੁਰ ਵਿੱਚ ਇਕੱਠੇ ਹੋਏ।
ਪੁਲਿਸ ਅਧਿਕਾਰੀਆਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੂੰ ਉੱਤਰ-ਪੱਛਮੀ ਦਿੱਲੀ ਦੇ ਬੁਰਾੜੀ ਸਥਿਤ ਨਿਰੰਕਾਰੀ ਮੈਦਾਨ ਜਾਣ ਦੀ ਮਨਜ਼ੂਰੀ ਦੇਣ ਲਈ ਉਹ ਤਿਆਰ ਸਨ, ਜਿਥੇ ਕਿਸਾਨਾਂ ਦਾ ਇੱਕ ਵਰਗ ਪਹਿਲਾਂ ਤੋਂ ਹੀ ਡੇਰਾ ਲਾਈ ਬੈਠਾ ਸੀ, ਪਰੰਤੂ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਰੈਲੀ ਕਰ ਰਹੇ ਉੱਤਰ ਪ੍ਰਦੇਸ਼ ਦੇ ਕਿਸਾਨ ਆਪਣਾ ਵਿਰੋਧ ਦਰਜ ਕਰਨ ਲਈ ਮੱਧ ਦਿੱਲੀ ਦੇ ਸੰਸਦ ਭਵਨ ਤੱਕ ਜਾਣ ਲਈ ਅੜੇ ਹੋਏ ਹਨ।
ਮੁਜ਼ੱਫ਼ਰਨਗਰ ਦੇ ਕਿਸਾਨ ਸੰਜੇ ਤਿਆਗੀ ਨੇ ਕਿਸਾਨਾਂ ਨੂੰ ਬੁਰਾੜੀ ਵਿੱਚ ਰੈਲੀ ਕਰਨ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਲਾਹ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ''ਸਾਨੂੰ ਬੁਰਾੜੀ ਜਾ ਕੇ ਕੀ ਮਿਲੇਗਾ? ਕੀ ਉਥੇ ਅਮਿਤ ਸ਼ਾਹ ਸਾਡੀਆਂ ਵੋਟਾਂ ਮੰਗਣ ਆਉਣਗੇ? ਜੇਕਰ ਉਹ ਕਿਸਾਨਾਂ ਨਾਲ ਗੱਲ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅੰਤਰਰਾਜੀ ਸਰਹੱਦ 'ਤੇ ਆਉਣਾ ਚਾਹੀਦਾ ਹੈ।''