ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਂਸਦ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉੱਤੇ ਅਡਾਨੀਆਂ ਨਾਲ ਮਿਲੀਭੁਗਤ ਦੇ ਸ਼ਰੇਆਮ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਅਡਾਨੀਆਂ ਨੂੰ ਸਿਖ਼ਰ ਦੇ ਅਮੀਰਾਂ ਵਿੱਚ ਪਹੁੰਚਾਉਣ ਲਈ ਪੀਐੱਮ ਮੋਦੀ ਦਾ ਪੂਰਾ ਸਾਥ ਹੈ। ਰਾਹੁਲ ਗਾਂਧੀ ਨੇ ਇਲਜ਼ਾਮ ਲਗਾਉਂਦਿਆਂ ਤੰਜ ਕੱਸਿਆ ਕਿ ਪਹਿਲਾਂ ਪੀਐੱਮ ਮੋਦੀ ਅਡਾਨੀ ਦੇ ਜਹਾਜ਼ 'ਚ ਸਫਰ ਕਰਦੇ ਸਨ, ਹੁਣ ਅਡਾਨੀ ਮੋਦੀ ਦੇ ਜਹਾਜ਼ 'ਚ ਸਫਰ ਕਰਦੇ ਹਨ। ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਅਡਾਨੀ ਨੇ ਪਿਛਲੇ 20 ਸਾਲਾਂ 'ਚ ਭਾਜਪਾ ਨੂੰ ਚੋਣ ਬਾਂਡ ਰਾਹੀਂ ਕਿੰਨਾ ਪੈਸਾ ਦਿੱਤਾ ?
ਚੋਟੀ ਦੇ ਅਮੀਰਾਂ 'ਚ ਕਿਵੇਂ ਸ਼ਾਮਿਲ ਹੋਏ ਅਡਾਨੀ ?: ਰਾਹੁਲ ਗਾਂਧੀ ਨੇ ਕਿਹਾ ਕਿ 2014 ਵਿੱਚ ਗੌਤਮ ਅਡਾਨੀ ਦੁਨੀਆਂ ਦੇ ਸਭ ਤੋਂ ਅਮੀਰਾਂ ਦੀ ਸੂਚੀ ਵਿੱਚ 609ਵੇਂ ਨੰਬਰ ਉੱਤੇ ਸਨ, ਪਰ ਪਿਛਲੇ ਕੁੱਝ ਹੀ ਸਾਲਾਂ ਵਿੱਚ ਪਤਾ ਨਹੀਂ ਕੀ ਹੋਇਆ ਕਿ, ਅਡਾਨੀ ਇਸ ਸੂਚੀ ਵਿੱਚ ਦੂਜੇ ਨੰਬਰ ਉੱਤੇ ਪਹੁੰਚ ਗਿਆ। ਦੂਜੇ ਪਾਸੇ ਭਾਜਪਾ ਆਗੂਆਂ ਨੇ ਰਾਹੁਲ ਦੇ ਇਲਜ਼ਾਮ ਉੱਤੇ ਇਤਰਾਜ਼ ਵੀ ਜ਼ਾਹਿਰ ਕੀਤਾ ਕਿ ਉਹ ਪੀਐੱਮ ਉੱਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਸਬੂਤ ਜ਼ਰੂਰ ਨਸ਼ਰ ਕਰਨ ਬੇਬੁਨਿਆਦ ਇਲਜ਼ਾਮ ਲਗਾ ਕੇ ਪੀਐੱਮ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਨਾ ਕਰਨ।
ਏਅਰ ਊਰਜਾ ਪ੍ਰਾਜੈਕਟ: ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ 2022 ਵਿੱਚ, ਸ਼੍ਰੀਲੰਕਾ ਇਲੈਕਟ੍ਰੀਸਿਟੀ ਬੋਰਡ ਦੇ ਚੇਅਰਮੈਨ ਨੇ ਸ਼੍ਰੀਲੰਕਾ ਵਿੱਚ ਇੱਕ ਸੰਸਦੀ ਕਮੇਟੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਰਾਜਪਕਸ਼ੇ ਨੇ ਦੱਸਿਆ ਸੀ ਕਿ ਉਨ੍ਹਾਂ ਉੱਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਸ਼੍ਰੀ ਅਡਾਨੀ ਨੂੰ ਏਅਰ ਊਰਜਾ ਪ੍ਰਾਜੈਕਟ ਦੇਣ ਲਈ ਦਬਾਅ ਪਾਇਆ ਗਿਆ ਸੀ। ਰਾਹੁਲ ਗਾਂਧੀ ਨੇ ਕਿਹਾ ਇਬ ਦਬਾਅ ਪਾਉਣ ਦੀ ਨੀਤੀ ਪੀਐੱਮ ਮੋਦੀ ਜਾਂ ਭਾਰਤ ਦੀ ਵਿਦੇਸ਼ ਨੀਤੀ ਨਹੀਂ ਹੈ, ਇਹ ਅਡਾਨੀ ਦੀ ਵਪਾਰਕ ਨੀਤੀ ਹੈ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਆਸਟ੍ਰੇਲੀਆ ਜਾਂਦੇ ਹਨ ਅਤੇ ਜਾਦੂ ਕਰਕੇ ਐਸਬੀਆਈ ਅਡਾਨੀ ਨੂੰ 1 ਬਿਲੀਅਨ ਡਾਲਰ ਦਾ ਕਰਜ਼ਾ ਦਿੰਦਾ ਹੈ।