ਨਵੀਂ ਦਿੱਲੀ: ਨੈਸ਼ਨਲ ਹੈਰਾਲਡ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਡਰਦੇ ਨਹੀਂ ਹਨ ਅਤੇ ਉਨ੍ਹਾਂ ਨੂੰ ਡਰਾ ਧਮਕਾ ਕੇ ਚੁੱਪ ਨਹੀਂ ਕਰਵਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਦੇਸ਼ ਅਤੇ ਲੋਕਤੰਤਰ ਦੀ ਰੱਖਿਆ ਅਤੇ ਸਦਭਾਵਨਾ ਨੂੰ ਕਾਇਮ ਰੱਖਣ ਲਈ ਲੜਦੇ ਰਹਿਣਗੇ। ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ, ਇਹ ਡਰਾਉਣ ਦੀ ਕੋਸ਼ਿਸ਼ ਹੈ। ਉਹ ਸੋਚਦੇ ਹਨ ਕਿ ਉਹ ਥੋੜ੍ਹਾ ਜਿਹਾ ਦਬਾਅ ਪਾ ਕੇ ਸਾਨੂੰ ਚੁੱਪ ਕਰਵਾ ਦੇਣਗੇ, ਪਰ ਅਸੀਂ ਚੁੱਪ ਨਹੀਂ ਹੋਣ ਵਾਲੇ। ਨਰਿੰਦਰ ਮੋਦੀ ਜੀ, ਅਮਿਤ ਸ਼ਾਹ ਜੀ ਇਸ ਦੇਸ਼ ਵਿੱਚ ਲੋਕਤੰਤਰ ਦੇ ਖ਼ਿਲਾਫ਼ ਜੋ ਵੀ ਕਰ ਰਹੇ ਹਨ, ਅਸੀਂ ਉਸ ਦੇ ਖ਼ਿਲਾਫ਼ ਖੜੇ ਹੋਵਾਂਗੇ, ਚਾਹੇ ਉਹ ਕੁਝ ਵੀ ਕਰਨ। ਸਾਨੂੰ ਕੋਈ ਪਰਵਾਹ ਨਹੀਂ।
ਬੀਜੇਪੀ ਦੇ ਇੱਕ ਇਲਜ਼ਾਮ ਦੇ ਸੰਦਰਭ ਵਿੱਚ ਕਾਂਗਰਸ ਆਗੂ ਨੇ ਕਿਹਾ, ਭੱਜਣ ਦੀ ਗੱਲ ਕੌਣ ਕਰ ਰਿਹਾ ਹੈ, ਭੱਜਣ ਦੀ ਗੱਲ ਉਹ ਕਰ ਰਹੇ ਹਨ। ਅਸੀਂ ਡਰਦੇ ਨਹੀਂ ਹਾਂ, ਅਸੀਂ ਨਰਿੰਦਰ ਮੋਦੀ ਤੋਂ ਨਹੀਂ ਡਰਦੇ, ਕਰੋ ਜੋ ਕਰਨਾ ਹੈ, ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ, ਮੇਰਾ ਕੰਮ ਦੇਸ਼ ਦੀ ਰੱਖਿਆ ਕਰਨਾ, ਲੋਕਤੰਤਰ ਦੀ ਰੱਖਿਆ ਕਰਨਾ, ਦੇਸ਼ 'ਚ ਸਦਭਾਵਨਾ ਬਣਾਈ ਰੱਖਣਾ ਹੈ, ਮੈਂ ਇਹ ਕਰਦਾ ਰਹਾਂਗਾ। ਧਿਆਨਯੋਗ ਹੈ ਕਿ ਮਨੀ ਲਾਂਡਰਿੰਗ ਮਾਮਲੇ ਵਿੱਚ ਆਪਣੀ ਕਾਰਵਾਈ ਦੇ ਹਿੱਸੇ ਵਜੋਂ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ਦਿੱਲੀ ਵਿੱਚ 'ਨੈਸ਼ਨਲ ਹੈਰਾਲਡ' ਦਫ਼ਤਰ ਵਿੱਚ 'ਯੰਗ ਇੰਡੀਅਨ' ਕੰਪਨੀ ਦੇ ਕੰਪਲੈਕਸ ਨੂੰ 'ਅਸਥਾਈ ਤੌਰ' ਤੇ ਸੀਲ ਕਰ ਦਿੱਤਾ ਸੀ।