ਤੁਰੂਵੇਕੇਰੇ (ਕਰਨਾਟਕ) : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਰਨਾਟਕ ਚੋਣਾਂ ਉਨ੍ਹਾਂ ਲਈ ਨਹੀਂ ਹਨ। ਰਾਹੁਲ ਗਾਂਧੀ ਨੇ ਇਹ ਗੱਲ ਪ੍ਰਧਾਨ ਮੰਤਰੀ ਦੇ ਦੋਸ਼ਾਂ ਬਾਰੇ ਕਹੀ ਕਿ ਕਾਂਗਰਸ ਵੱਲੋਂ ਉਨ੍ਹਾਂ ਨਾਲ 91 ਵਾਰ ਦੁਰਵਿਵਹਾਰ ਕੀਤਾ ਗਿਆ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਆਪਣੇ ਬਾਰੇ ਗੱਲ ਕਰਨ ਦੀ ਬਜਾਏ ਕਰਨਾਟਕ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਦੇ ਕੰਮ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਚਰਚਾ ਕਰਨ।
"ਤੁਸੀਂ ਪ੍ਰਚਾਰ ਕਰਨ ਲਈ ਕਰਨਾਟਕ ਆਉਂਦੇ ਹੋ, ਪਰ ਕਰਨਾਟਕ ਬਾਰੇ ਨਹੀਂ ਬੋਲਦੇ" : ਇੱਥੇ ਤੁਮਾਕੁਰੂ ਜ਼ਿਲ੍ਹੇ ਵਿੱਚ ਇੱਕ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਤੁਸੀਂ (ਪ੍ਰਧਾਨ ਮੰਤਰੀ ਮੋਦੀ) ਪ੍ਰਚਾਰ ਕਰਨ ਲਈ ਕਰਨਾਟਕ ਆਉਂਦੇ ਹੋ, ਪਰ ਕਰਨਾਟਕ ਬਾਰੇ ਨਹੀਂ ਬੋਲਦੇ। ਤੁਸੀਂ ਆਪਣੇ ਬਾਰੇ ਗੱਲ ਕਰੋ। ਤੁਹਾਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਪਿਛਲੇ ਤਿੰਨ ਸਾਲਾਂ ਵਿੱਚ ਕਰਨਾਟਕ ਵਿੱਚ ਕੀ ਕੀਤਾ ? ਤੁਹਾਨੂੰ ਆਪਣੇ ਭਾਸ਼ਣਾਂ ਵਿੱਚ ਦੱਸਣਾ ਚਾਹੀਦਾ ਹੈ ਕਿ ਤੁਸੀਂ ਅਗਲੇ ਪੰਜ ਸਾਲਾਂ ਵਿੱਚ ਕੀ ਕਰੋਗੇ, ਤੁਸੀਂ ਨੌਜਵਾਨਾਂ ਲਈ ਕੀ ਕਰੋਗੇ, ਸਿੱਖਿਆ, ਸਿਹਤ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲਈ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, 'ਇਹ ਚੋਣ ਤੁਹਾਡੇ ਲਈ ਨਹੀਂ ਹਨ, ਇਹ ਕਰਨਾਟਕ ਦੇ ਲੋਕਾਂ ਅਤੇ ਉਨ੍ਹਾਂ ਦੇ ਭਵਿੱਖ ਬਾਰੇ ਹੈ। ਤੁਸੀਂ ਕਹਿੰਦੇ ਹੋ ਕਿ ਕਾਂਗਰਸ ਨੇ ਤੁਹਾਨੂੰ 91 ਵਾਰ ਗਾਲ੍ਹਾਂ ਕੱਢੀਆਂ, ਪਰ ਤੁਸੀਂ ਕਰਨਾਟਕ ਲਈ ਕੀ ਕੀਤਾ ਇਸ ਬਾਰੇ ਗੱਲ ਨਹੀਂ ਕੀਤੀ? ਆਪਣੇ ਅਗਲੇ ਭਾਸ਼ਣ ਵਿੱਚ ਦੱਸੋ ਕਿ ਤੁਸੀਂ ਕਰਨਾਟਕ ਲਈ ਕੀ ਕੀਤਾ ਹੈ ਅਤੇ ਅਗਲੇ ਪੰਜ ਸਾਲਾਂ ਵਿੱਚ ਤੁਸੀਂ ਕੀ ਕਰੋਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਜ਼ਹਿਰੀਲੇ ਸੱਪ ਵਾਲੀ ਟਿੱਪਣੀ ਨੂੰ ਲੈ ਕੇ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਕਾਂਗਰਸ ਅਤੇ ਉਸ ਦੇ ਨੇਤਾਵਾਂ ਨੇ ਹੁਣ ਤੱਕ ਉਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ 91 ਵਾਰ ਅਪਮਾਨਿਤ ਕੀਤਾ ਹੈ।