ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਬੁੱਧਵਾਰ ਸਵੇਰੇ ਦਿੱਲੀ ਤੋਂ ਲਖਨਊ ਲਈ ਰਵਾਨਾ ਹੋਏ। ਉਹ ਲਖੀਮਪੁਰ ਖੇੜੀ ਵਿੱਖੇ ਕਿਸਾਨਾਂ ਨਾਲ ਮੁਲਾਕਾਤ ਕਰਨ ਗਏ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ (CM Chhatisgarh) ਭੁਪੇਸ਼ ਬਘੇਲ ਵੀ ਲਖਨਊ ਲਈ ਹਵਾਈ ਜਹਾਜ ਵਿੱਚ ਰਵਾਨਾ ਹੋਏ। ਹਾਲਾਂਕਿ ਬਘੇਲ ਵੀ ਰਾਹੁਲ ਦੇ ਨਾਲ ਹੀ ਗਏ ਹਨ ਪਰ ਚੰਨੀ ਦਾ ਨਾਲ ਹੋਣਾ ਆਪਣੇ ਆਪ ਵਿੱਚ ਵਖਰੀ ਅਹਿਮੀਅਤ ਰੱਖਦਾ ਹੈ।
ਪੰਜਾਬੀ ਸਿੱਖ ਚਿਹਰੇ ਦਾ ਮਿਲ ਰਿਹਾ ਲਾਭ
ਪਿਛਲੇ ਕੁਝ ਦਿਨਾਂ ਤੋਂ ਹਾਈਕਮਾਂਡ ਵਿੱਚ ਚੰਨੀ ਦਾ ਕਦ ਵਧਦਾ ਨਜ਼ਰ ਆ ਰਿਹਾ ਹੈ, ਕਿਉਂਕਿ ਉਹ ਦਿਨੋ ਦਿਨੀਂ ਕਾਂਗਰਸ ਹਾਈਕਮਾਂਡ ਦੇ ਨੇੜੇ ਹੁੰਦੇ ਜਾ ਰਹੇ ਹਨ। ਚੰਨੀ ਦਾ ਸਿੱਖ ਚਿਹਰਾ ਹੋਣਾ ਤੇ ਉੱਪਰੋਂ ਪੰਜਾਬ (Punjab) ਤੋਂ ਹੋਣਾ ਉਨ੍ਹਾਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। ਕਿਸਾਨ ਅੰਦੋਲਨ (Farmers' protest) ਪੰਜਾਬ ਤੋਂ ਸ਼ੁਰੂ ਹੋਇਆ ਸੀ ਤੇ ਜਦੋਂ ਕਿਸਾਨ ਦੀ ਗੱਲ ਆਵੇ ਤਾਂ ਇਸ ਨੂੰ ਪੰਜਾਬ ਨੂੰ ਮੁੱਖ ਰੱਖ ਕੇ ਵੇਖਿਆ ਜਾਂਦਾ ਹੈ। ਦੂਜਾ ਲਖੀਮਪੁਰ ਖੇੜੀ (Lakhimpur Kheri) ਉੱਤਰ ਪ੍ਰਦੇਸ਼ ਦਾ ਤਰਾਈ ਵਾਲਾ ਅਜਿਹਾ ਇਲਾਕਾ ਹੈ, ਜਿਥੇ ਸਿੱਖ ਵਸਦੇ ਹਨ ਤੇ ਖਾਸਕਰ ਉਨ੍ਹਾਂ ਦਾ ਕਿੱਤਾ ਹੀ ਕਿਸਾਨੀ ਹੈ ਤੇ ਹੁਣ ਕਿਸਾਨਾਂ ‘ਤੇ ਵੱਡਾ ਸੰਕਟ ਆਇਆ ਹੈ।
ਸਿੱਧੂ ਨੇ ਨਹੀਂ ਸ਼ੁਰੂ ਕੀਤਾ ਮਾਰਚ
ਅਜਿਹੇ ਵਿੱਚ ਹੋਰ ਪਾਰਟੀਆਂ ਤੇ ਕਾਂਗਰਸ ਕਿਸਾਨਾਂ ਨਾਲ ਹਮਦਰਦੀ ਜਿਤਾ ਰਹੀਆਂ ਹਨ ਤੇ ਅਜਿਹੇ ਵਿੱਚ ਕਾਂਗਰਸ ਨੂੰ ਸਿੱਖ ਚਿਹਰੇ ਨਾਲ ਲਾਭ ਹੋ ਸਕਦਾ ਹੈ ਤੇ ਦੂਜੇ ਪਾਸੇ ਚੰਨੀ ਲਈ ਵੀ ਇਹ ਹਾਈਕਮਾਂਡ ਦੇ ਨੇੜੇ ਹੋਣ ਦਾ ਵੱਡਾ ਮੌਕਾ ਹੈ। ਉਂਜ ਜਦੋਂ ਤੋਂ ਉਨ੍ਹਾਂ ਨੂੰ ਕਾਂਗਰਸ ਨੇ ਮੁੱਖ ਮੰਤਰੀ ਬਣਾਇਆ ਹੈ, ਉਦੋਂ ਤੋਂ ਹੀ ਉਹ ਲਗਾਤਾਰ ਰਾਹੁਲ ਗਾਂਧੀ ਦੇ ਨੇੜੇ ਹੁੰਦੇ ਜਾ ਰਹੇ ਹਨ। ਕਾਂਗਰਸ ਕੋਲ ਹਾਲਾਂਕਿ ਨਵਜੋਤ ਸਿੱਧੂ ਵੀ ਇੱਕ ਵੱਡਾ ਸਿੱਖ ਚਿਹਰਾ ਹਨ ਤੇ ਨਵਜੋਤ ਸਿੱਧੂ (Navjot Sidhu) ਨੇ ਯੂਪੀ ਦੇ ਕਿਸਾਨਾਂ ਲਈ ਉਥੇ ਜਾਣ ਦਾ ਐਲਾਨ ਕੀਤਾ ਸੀ ਪਰ ਅਜੇ ਤੱਕ ਨਾ ਹੀ ਉਨ੍ਹਾਂ ਦਾ ਕੋਈ ਪ੍ਰੋਗਰਾਮ ਆਇਆ ਤੇ ਨਾ ਹੀ ਕੋਈ ਟਵੀਟ ਜਾਂ ਬਿਆਨ ਹੀ ਸਾਹਮਣੇ ਆਇਆ ਹੈ। ਅਜਿਹੇ ਵਿੱਚ ਰਾਹੁਲ ਗਾਂਧੀ ਵੱਲੋਂ ਚੰਨੀ ਨੂੰ ਨਾਲ ਲਿਜਾਉਣ ਨਾਲ ਉਨ੍ਹਾਂ ਦੇ ਪਾਰਟੀ ਵਿੱਚ ਵਧੇ ਕਦ ਵੱਲ ਸਾਫ ਇਸ਼ਾਰਾ ਕਰ ਰਿਹਾ ਹੈ।