ਚੰਡੀਗੜ੍ਹ:ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਲਗਾਏ ਗਏ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁੱਕ ਸਮਾਗਮ ਵਿੱਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ। ਦੂਜੇ ਪਾਸੇ ਚੰਨੀ ਨੂੰ ਮੁੱਖ ਮੰਤਰੀ ਚੁਣੇ ਜਾਣ ‘ਤੇ ਵਧਾਈ ਦੇਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amrinder Singh) ਨੇ ਅੱਜ ਜਿੱਥੇ ਚੰਨੀ ਨੂੰ ਆਪਣੇ ਸਿਸਵਾਂ ਫਾਰਮ ‘ਤੇ ਦੁਪਹਿਰ ਦੇ ਖਾਣੇ ‘ਤੇ ਸੱਦਾ ਦਿੱਤਾ ਪਰ ਸਹੁੰ ਚੁੱਕ ਸਮਾਗਮ ਤੋਂ ਦੂਰੀ ਬਣਾਏ ਰੱਖੀ।
ਅੰਦਾਜਾ ਵੀ ਨਹੀਂ ਸੀ ਕਿ ਰਾਹੁਲ ਆਉਣਗੇ
ਸਵੇਰ ਤੱਕ ਅਜਿਹਾ ਕੋਈ ਅੰਦਾਜਾ ਤੱਕ ਨਹੀਂ ਸੀ ਕਿ ਰਾਹੁਲ ਗਾਂਧੀ ਸਮਾਗਮ ਵਿੱਚ ਸ਼ਿਰਕਰ ਕਰਨਗੇ, ਸਗੋਂ ਇਸ ਦੇ ਉਲਟ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ (Sonia Gandhi) ਚੰਡੀਗੜ੍ਹ ਵੀ ਆਏ ਪਰ ਉਹ ਏਅਰਪੋਰਟ ਤੋਂ ਸਿੱਧਾ ਸ਼ਿਮਲਾ ਲਈ ਰਵਾਨਾ ਹੋ ਗਏ। ਪਾਰਟੀ ਵਿੱਚ ਸਖ਼ਤ ਫੈਸਲੇ ਲੈਣ ਦੀ ਕਵਾਇਦ ਸ਼ੁਰੂ ਕਰਨ ਵਾਲੇ ਰਾਹੁਲ ਨੇ ਇਸ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਕੇ ਜਿਥੇ ਕੈਪਟਨ ਨੂੰ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਾਰਟੀ ਤੋਂ ਉਪਰ ਹੁਣ ਕੋਈ ਨਹੀਂ ਹੈ, ਉਥੇ ਹੀ ਇਹ ਵੀ ਸੁਨੇਹਾ ਦੇ ਦਿੱਤਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਹਾਈਕਮਾਂਡ ਦਾ ਪੂਰਾ ਥਾਪੜਾ ਹੈ।
ਦਲਿਤਾਂ ਨੂੰ ਆਪਣੇ ਪੱਖ ਵਿੱਚ ਕਰਨ ਦੀ ਵੱਡੀ ਕੋਸ਼ਿਸ਼
ਪਾਰਟੀ ਨੇ ਪੰਜਾਬ ਵਿੱਚ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੁਣ ਕੇ ਇਸ ਭਾਈਚਾਰੇ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਪੱਖ ਵਿੱਚ ਕਰਨ ਦੀ ਵੱਡੀ ਕੋਸ਼ਿਸ਼ ਕੀਤੀ ਹੈ ਪਰ ਇਸ ਦੇ ਨਾਲ ਹੀ ਪਾਰਟੀ ਵਿੱਚ ਸ਼ਬਦੀ ਜੰਗ ਵੀ ਸ਼ੁਰੂ ਹੋ ਗਈ ਹੈ। ਹਰੀਸ਼ ਰਾਵਤ ਨੇ ਬੀਤੇ ਦਿਨ ਬਿਆਨ ਦਿੱਤਾ ਸੀ ਕਿ ਵਿਧਾਨ ਸਭਾ ਚੋਣਾਂ ਨਵਜੋਤ ਸਿੱਧੂ (Navjot Sidhu) ਦੀ ਅਗਵਾਈ ਹੇਠ ਲੜੀਆਂ ਜਾਣਗੀਆਂ, ਇਸੇ ‘ਤੇ ਪਾਰਟੀ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਟਵੀਟ ਕਰਕੇ ਰੋਸ ਪ੍ਰਗਟਾਇਆ ਸੀ ਕਿਹ ਹਰੀਸ਼ ਰਾਵਤ ਦੇ ਇਸ ਬਿਆਨ ਨੇ ਨਾ ਸਿਰਫ ਮੁੱਖ ਮੰਤਰੀ ਦੇ ਅਹੁਦੇ ਦੇ ਅਕਸ਼ ਨੂੰ ਢਾਹ ਲਾਈ ਹੈ, ਸਗੋਂ ਪਾਰਟੀ ਹਾਈਕਮਾਂਡ (Party High Command) ਵੱਲੋਂ ਚੰਨੀ ਦੇ ਚਿਹਰੇ ਦੀ ਚੋਣ ਨੂੰ ਵੀ ਇੱਕ ਤਰ੍ਹਾਂ ਨਾਲ ਚੁਨੌਤੀ ਹੈ।
ਹਾਈਕਮਾਂਡ ਦਾ ਪੂਰਾ ਥਾਪੜਾ ਹੈ ਚੰਨੀ ਨੂੰ
ਇਥੇ ਜਿਕਰਯੋਗ ਹੈ ਕਿ ਸੂਤਰਾਂ ਦਾ ਕਹਿਣਾ ਸੀ ਕਿ ਪਾਰਟੀ ਵਿਧਾਇਕ ਦਲ ਵੱਲੋਂ ਫੀਡ ਬੈਕ ਉਪਰੰਤ ਕੇਂਦਰੀ ਆਬਜਰਵਰਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ਦੀ ਸਿਫਾਰਸ਼ ਕੀਤੀ ਸੀ ਤੇ ਰੰਧਾਵਾ ਵੱਲੋਂ ਰਾਜਪਾਲ ਕੋਲੋਂ ਸਹੁੰ ਚੁੱਕਣ ਲਈ ਸਮਾਂ ਵੀ ਮੰਗ ਲਿਆ ਗਿਆ ਸੀ ਪਰ ਇਸੇ ਦੌਰਾਨ ਦਿੱਲੀ ਵਿੱਖੇ ਰਾਹੁਲ ਗਾਂਧੀ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਹੋਈ ਸੀ ਤੇ ਇਸ ਉਪਰੰਤ ਹਰੀਸ਼ ਰਾਵਤ (Harish Rawat) ਨੇ ਰਾਜਪਾਲ ਕੋਲੋਂ ਸਮਾਂ ਮੰਗ ਲਿਆ ਤੇ ਨਾਲ ਹੀ ਟਵੀਟ ਕਰਕੇ ਚੰਨੀ ਦੇ ਨਾਂ ਦੀ ਚੋਣ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਸਪਸ਼ਟ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹਾਈਕਮਾਂਡ ਨੇ ਹੀ ਉਤਾਰਿਆ ਤੇ ਚੰਨੀ ਦੇ ਨਾਂ ਦੀ ਚੋਣ ਵੀ ਹਾਈਕਮਾਂਡ ਵੱਲੋਂ ਹੀ ਕੀਤੀ ਗਈ। ਹਾਲਾਂਕਿ ਇਸ ਪਿੱਛੇ ਪੰਜਾਬ ਦੇ ਕੁਝ ਆਗੂਆਂ ਵੱਲੋਂ ਦਲਿਤ ਚਿਹਰਾ (Dalit Face) ਅੱਗੇ ਲਿਆਉਣ ਦੀ ਹਾਈਕਮਾਂਡ ਨੂੰ ਦਿੱਤੀ ਸਲਾਹ ਨੂੰ ਵੀ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਤੇ ਇਸ ਮੁਹਿੰਮ ਪਿੱਛੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Badal) ਦੀ ਅਹਿਮ ਭੂਮਿਕਾ ਦੱਸੀ ਜਾ ਰਹੀ ਹੈ।