ਚੰਡੀਗੜ੍ਹ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Ex CM Captain Amrinder Singh) ਵੱਲੋਂ ਨਵੀਂ ਸਿਆਸੀ ਪਾਰਟੀ ਦੀ ਸ਼ੁਰੂਆਤ ਕਰਨ ਦੇ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਐਂਟਰੀ ਕਰਨ ਦੇ ਐਲਾਨ ਤੋਂ ਇੱਕ ਦਿਨ ਬਾਅਦ, ਕਾਂਗਰਸ ਹਾਈ ਕਮਾਂਡ (Congress High Command) ਨੇ ਕਈ ਦੌਰ ਦੀਆਂ ਅਹਿਮ ਮੀਟਿੰਗਾਂ ਕੀਤੀਆਂ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਲੀ ਵਿਖੇ ਪਾਰਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਦੀ ਰਿਹਾਇਸ਼ 12 ਤੁਗਲਕ ਰੋੜ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕੇਸੀ ਵੇਣੂਗੋਪਾਲ (K.C.Venugopal) ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ (Harish Choudhary) ਵੀ ਮੌਜੂਦ ਰਹੇ।
ਅਰੂਸਾ ਮੁੱਦੇ ‘ਤੇ ਹਾਈਕਮਾਂਡ ਹੈ ਨਾਰਾਜ
ਜਿਕਰਯੋਗ ਹੈ ਕਿ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਵੱਲੋਂ ਅਰੂਸਾ ਆਲਮ ਦੇ ਆਈਐਸਆਈ ਨਾਲ ਕਥਿਤ ਸਬੰਧਾਂ (Arusa's ISI connection) ਦੀ ਜਾਂਚ ਕਰਨ ਦੇ ਬਿਆਨ ਉਪਰੰਤ ਇਹ ਮੁੱਦਾ ਮਘ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਦੀਆਂ ਅਰੂਸਾ ਆਲਮ ਨਾਲ ਤਸਵੀਰਾਂ (Pic of Sonia Gandhi with Arusa Alam) ਟਵੀਟਰ ਰਾਹੀਂ ਜਨਤਕ ਕਰ ਦਿੱਤੀਆਂ। ਇਸ ਉਪਰੰਤ ਬੁੱਧਵਾਰ ਨੂੰ ਰਾਹੁਲ ਗਾਂਧੀ ਨੇ ਰੰਧਾਵਾ ਨੂੰ ਤਲਬ ਕੀਤਾ ਸੀ ਤੇ ਬੁੱਧਵਾਰ ਨੂੰ ਹੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਰਣਨੀਤੀ ਦਾ ਖੁਲਾਸਾ ਕੀਤਾ ਤੇ ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਸੀਐਮ ਚੰਨੀ ਨੂੰ ਦਿੱਲੀ ਬੁਲਾ ਲਿਆ।
ਰਾਹੁਲ-ਚੰਨੀ ਮੁਲਾਕਾਤ ਪੰਜਾਬ ਦੀ ਸਿਆਸਤ ਲਈ ਅਹਿਮ
ਰਾਹੁਲ-ਚੰਨੀ ਦੀ ਇਹ ਮੀਟਿੰਗ ਪੰਜਾਬ ਦੀ ਸਿਆਸਤ ਲਈ ਅਹਿਮ ਮੰਨੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਇਸ ਦੌਰਾਨ ਰਾਹੁਲ ਨੇ ਪੰਜਾਬ ਦੀ ਸਿਆਸਤ ਤੇ ਪਾਰਟੀ ਵਿਚਲੀ ਸਰਗਰਮੀਆਂ ਬਾਰੇ ਚੰਨੀ ਨਾਲ ਚਰਚਾ ਕੀਤੀ। ਬੁੱਧਵਾਰ ਨੂੰ ਹੀ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਵੀ 10 ਜਨਪਥ 'ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੀਟਿੰਗ ਕੀਤੀ। ਮੀਟਿੰਗਾਂ ਦਾ ਇਹ ਅਹਿਮ ਦੌਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 117 ਸੀਟਾਂ ’ਤੇ ਚੋਣ ਲੜਨ ਲਈ ਛੇਤੀ ਹੀ ਇੱਕ ਨਵੀਂ ਸਿਆਸੀ ਪਾਰਟੀ ਦੀ ਸ਼ੁਰੂਆਤ ਕਰਨ ਦਾ ਐਲਾਨ ਕਰਨ ਤੋਂ ਇੱਕ ਦਿਨ ਬਾਅਦ ਹੋਇਆ।
ਕੇਜਰੀਵਾਲ ਦੋ ਦਿਨਾਂ ਦੌਰੇ ‘ਤੇ ਪੰਜਾਬ ਪੁੱਜੇ
ਦੂਜੇ ਪਾਸੇ ਪੰਜਾਬ ਵਿੱਚ ਸਿਆਸਤ ਤੇਜ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਵਿੱਚ ਸਰਗਰਮੀ ਤੇਜ ਕਰ ਦਿੱਤੀ ਹੈ। ਪਿਛਲੇ ਦਿਨੀਂ ਲੁਧਿਆਣਾ ਵਿਖੇ ਸਨਅਤਕਾਰਾਂ ਨਾਲ ਮੁਲਾਕਾਤ ਕਰਨ ਉਪਰੰਤ ਉਹ ਹੁਣ ਮਾਲਵਾ ਖੇਤਰ ਵਿੱਚ ਦੋ ਦਿਨੀ ਦੌਰੇ ‘ਤੇ ਵੀਰਵਾਰ ਨੂੰ ਮਾਨਸਾ ਪੁੱਜੇ। ਇਥੇ ਪਹਿਲਾਂ ਉਹ ਪਾਰਟੀ ਦੇ ਸੂਬਾ ਪ੍ਰਧਾਨ ਸੰਸਦ ਮੈਂਬਰ ਭਗਵੰਤ ਮਾਨ ਦੇ ਘਰ ਗਏ (Kejriwal visited Bhagwant Maan's house) ਤੇ ਇਸ ਤੋਂ ਬਾਅਦ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਦਾ ਸੈਸ਼ਨ ਕੀਤਾ। ਜਿਕਰਯੋਗ ਹੈ ਕਿ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦੀ ਤਲਾਸ਼ ਕੀਤੀ ਜਾ ਰਹੀ ਹੈ ਤੇ ਅਜਿਹੀਆਂ ਕਾਰਵਾਈਆਂ ਦੇ ਵਿਚਕਾਰ ਭਗਵੰਤ ਮਾਨ ਪਿਛਲੇ ਕੁਝ ਦਿਨਾਂ ਤੋਂ ਨਰਾਜ ਚੱਲ ਰਹੇ ਦੱਸੇ ਜਾਂਦੇ ਹਨ। ਅਜਿਹੇ ਹਾਲਾਤ ਵਿੱਚ ਮਾਨਸਾ ਤੇ ਬਠਿੰਡਾ ਦਾ ਕੇਜਰੀਵਾਲ ਦਾ ਇਹ ਦੋ ਦਿਨਾਂ ਦਾ ਦੌਰਾ ਵਖਰੀ ਅਹਿਮੀਅਤ ਰੱਖਦਾ ਹੈ।
ਚੰਡੀਗੜ੍ਹ ਤੋਂ ਦਿੱਲੀ ਤੱਕ ਘੁੰਮ ਰਹੀ ਹੈ ਸਿਆਸਤ
ਪੰਜਾਬ ਦੀ ਸਿਆਸਤ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਘੁੰਮ ਰਹੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਸ਼ਾਮ ਨੂੰ ਹੀ ਦਿੱਲੀ ਪੁੱਜ ਗਏ ਸੀ। ਉਨ੍ਹਾਂ ਵੱਲੋਂ ਵੀਰਵਾਰ ਨੂੰ ਕੁਝ ਖੇਤੀ ਮਾਹਰਾਂ ਤੇ ਹੋਰ ਉੱਘੀਆਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਜਾਣੀ ਸੀ। ਇਸ ਦੌਰਾਨ ਉਨ੍ਹਾਂ ਖੇਤੀ ਕਾਨੂੰਨਾਂ ਤੋਂ ਇਲਾਵਾ ਕੌਮਾਂਤਰੀ ਸੁਰੱਖਿਆ ਅਤੇ ਬੀਐਸਐਫ ਦੇ ਪੰਜਾਬ ਵਿੱਚ ਵਧਾਏ ਦਾਇਰੇ ਬਾਰੇ ਉਚੇਚੇ ਤੌਰ ‘ਤੇ ਗੱਲਬਾਤ ਕੀਤੀ ਜਾਣੀ ਸੀ ਪਰ ਅਮਿਤ ਸ਼ਾਹ ਗੁਜਰਾਤ ਦੌਰੇ ‘ਤੇ ਚਲੇ ਗਏ ਤੇ ਇਸੇ ਕਾਰਣ ਕੈਪਟਨ ਦੀ ਸ਼ਾਹ ਨਾਲ ਮੁਲਾਕਾਤ ਰੱਦ ਹੋ ਗਈ। ਉਹ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਅਪੀਲ ਕਰਨ ਲਈ ਰਾਸ਼ਟਰੀ ਰਾਜਧਾਨੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਵਾਲੇ ਸਨ। ਹਾਲਾਂਕਿ ਕੇਂਦਰੀ ਮੰਤਰੀ ਨੇ ਗੁਜਰਾਤ ਦਾ ਦੌਰਾ ਕਰਨ ਕਾਰਨ ਮੀਟਿੰਗ ਮੁਲਤਵੀ ਕਰ ਦਿੱਤੀ ਗਈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੈਪਟਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਮਿਆਨ ਦੂਰੀਆਂ ਤੋਂ ਇਲਾਵਾ, ਕਾਂਗਰਸ ਵੀ ਆਪਣੇ ਆਗੂਆਂ, ਜੋ ਸਾਬਕਾ ਮੁੱਖ ਮੰਤਰੀ ਦੇ ਵਫ਼ਾਦਾਰ ਮੰਨੇ ਜਾਂਦੇ ਹਨ, ਨੂੰ ਆਪਣੀ ਨਵੀਂ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਯਤਨ ਕਰ ਰਹੀ ਹੈ।
ਜਾਖੜ ਨੇ ਚੰਨੀ ਤੇ ਕੇਜਰੀਵਾਲ ‘ਚੋਂ ਇੱਕ ਦੀ ਟਾਈਮਿੰਗ ਨੂੰ ਸਹੀ ਦੱਸਿਆ
ਜਿਥੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ‘ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਪੁੱਜੇ, ਉਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ‘ਤੇ ਆ ਗਏ ਹਨ। ਦੋਵਾਂ ਦੀ ਟਾਈਮਿੰਗ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖ਼ੜ ਨੇ ਚੁਟਕੀ ਲਈ ਹੈ। ਉਨ੍ਹਾਂ ਇੱਕ ਟਵੀਟ ਕਰਕੇ ਕਿਹਾ ਹੈ ਕਿ ਇੱਕ ਵਾਰ ਫੇਰ ਪੰਜਾਬ ਦਾ ਮੁੱਖ ਮੰਤਰੀ ਦਿੱਲੀ ‘ਚ ਤੇ ਦਿੱਲੀ ਦਾ ਮੁੱਖ ਮੰਤਰੀ ਪੰਜਾਬ ਵਿੱਚ ਹੈ। ਉਨ੍ਹਾਂ ਕਿਹਾ ਕਿ ਉਹ ਜਰੂਰ ਕਹਿਣਗੇ ਕਿ ਦੋਵਾਂ ਵਿੱਚੋਂ ਕਿਸੇ ਇੱਕ ਦੀ ਟਾਈਮਿੰਗ ਸਹੀ ਹੈ। ਜਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸੁਨੀਲ ਜਾਖੜ ਗੁੰਝਲਦਾਰ ਟਵੀਟ ਕਰਦੇ ਆ ਰਹੇ ਹਨ ਤੇ ਕਿਸੇ ਨਾ ਕਿਸੇ ਤਰੀਕੇ ਪੰਜਾਬ ਦੀ ਸਿਆਸਤ ‘ਤੇ ਚੋਟ ਕਰ ਰਹੇ ਹਨ।
ਇਹ ਵੀ ਪੜ੍ਹੋ:ਕਾਂਗਰਸ ਦਾ ਕਾਟੋ ਕਲੇਸ਼ ਬਣਿਆ ਪੰਜਾਬ ਦੇ ਮੁੱਦਿਆਂ ਲਈ ਅੜਿੱਕਾ : ਮਜੀਠੀਆ