ਨਵੀਂ ਦਿੱਲੀ: ਸਹੁੰ ਚੁੱਕਣ ਦੇ ਇੱਕ ਦਿਨ ਬਾਅਦ, ਪੰਜਾਬ ਦੇ ਨਵ -ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjeet Singh Channi), ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ. ਪੀ. ਸੋਨੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu), ਪਾਰਟੀ ਦੀ ਉੱਚ ਲੀਡਰਸ਼ਿਪ ਦੇ ਨਾਲ ਰਾਜ ਦੇ ਮੰਤਰੀ ਮੰਡਲ ਸਬੰਧੀ ਵਿਚਾਰ -ਵਟਾਂਦਰਾ ਕਰਨ ਲਈ ਦਿੱਲੀ ਗਏ।
ਪੰਜਾਬ ਦੇ ਨਵੇਂ ਆਗੂਆਂ ਦੀ ਦਿੱਲੀ ਫੇਰੀ ਕੌਮੀ ਰਾਜਧਾਨੀ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਕੇਸੀ ਵੇਣੂਗੋਪਾਲ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮੀਟਿੰਗ ਤੋਂ ਤੁਰੰਤ ਬਾਅਦ, ਕਾਂਗਰਸ ਨੇ ਆਪਣੀ ਪੰਜਾਬ ਇਕਾਈ ਲਈ ਨਵੇਂ, ਵਧੀਕ ਅਹੁਦੇਦਾਰਾਂ ਦੀ ਇੱਕ ਸੂਚੀ ਜਾਰੀ ਕੀਤੀ, ਜਿਸ ਵਿੱਚ ਸਿੱਧੂ ਦੇ ਨੇੜਲੇ ਪਰਗਟ ਸਿੰਘ ਅਤੇ ਯੋਗਿੰਦਰ ਪਾਲ ਢੀਂਗਰਾ ਜਨਰਲ ਸਕੱਤਰ ਅਤੇ ਗੁਲਜ਼ਾਰ ਇੰਦਰ ਚਾਹਲ ਖਜ਼ਾਨਚੀ ਵਜੋਂ ਨਿਯੁਕਤ ਕੀਤੇ ਗਏ।
ਨਵੀਂ ਸੂਚੀ ਇਸ ਲਈ ਮਹੱਤਤਾ ਰੱਖਦੀ ਹੈ ਕਿਉਂਕਿ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੂੰ ਪਾਰਟੀ ਹਾਈ ਕਮਾਂਡ ਨੇ ਖੂੰਜੇ ਲਗਾ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ, ਦੇ ਵਫ਼ਾਦਾਰਾਂ ਨੂੰ ਨਵੇਂ ਮੁੱਖ ਮੰਤਰੀ ਵੱਲੋਂ ਲਾਂਬੇ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਦਰਬਾਰ ਸਾਹਿਬ ਨਤਮਸਤਕ ਹੋਣ ਮਗਰੋਂ ਸੀਐਮ ਨੇ ਦੁਹਰਾਈ ਬੇਅਦਬੀ ਦੇ ਮਾਮਲਿਆਂ 'ਚ ਇਨਸਾਫ ਦੀ ਗੱਲ
ਸੂਤਰਾਂ ਅਨੁਸਾਰ, ਬ੍ਰਹਮ ਮਹਿੰਦਰਾ, ਜਿਨ੍ਹਾਂ ਨੂੰ ਕਾਂਗਰਸ ਨੇ ਸ਼ੁਰੂ ਵਿੱਚ ਉਪ ਮੁੱਖ ਮੰਤਰੀਆਂ ਵਿੱਚੋਂ ਇੱਕ ਐਲਾਨ ਕੀਤਾ ਸੀ, ਸਾਧੂ ਸਿੰਘ ਧਰਮਸੋਤ ਅਤੇ ਗੁਰਮੀਤ ਸਿੰਘ ਸੋਢੀ ਨੂੰ ਮੰਤਰੀ ਮੰਡਲ ਤੋਂ ਬਾਹਰ ਰੱਖਿਆ ਜਾਵੇਗਾ। ਦੂਜੇ ਪਾਸੇ ਸੰਗਤ ਸਿੰਘ ਗਿਲਜੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਕੀਰਤ ਸਿੰਘ ਕੋਟਲੀ, ਇੰਦਰਬੀਰ ਸਿੰਘ ਬੁਲਾਰੀਆ ਅਤੇ ਮਦਨ ਲਾਲ ਜਲਾਲਪੂ ਦੇ ਮੰਤਰੀ ਮੰਡਲ ਵਿੱਚ ਨਵੇਂ ਚਿਹਰੇ ਹੋਣ ਦੀ ਸੰਭਾਵਨਾ ਹੈ।
ਪੰਜਾਬ ਤੋਂ ਦਿੱਲੀ ਲਈ ਰਵਾਨਾ ਹੁੰਦੇ ਸਮੇਂ, ਸਿੱਧੂ ਨੇ ਚੰਨੀ ਅਤੇ ਰੰਧਾਵਾ ਦੇ ਨਾਲ, ਚਾਰਟਰ ਪਲੇਨ ਦੇ ਨੇੜੇ, ਆਪਣੀ ਇੱਕ ਤਸਵੀਰ ਟਵੀਟ ਕੀਤੀ, ਜਿਸ ਦੇ ਸਿਰਲੇਖ ਸੀ, "ਇੰਨ ਲਾਈਨ ਆਫ਼ ਡਿਊਟੀ !!" ਲਿਖਿਆ। ਇਸ ਟਵੀਟ ਦੀ ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਆਲੋਚਨਾ ਕੀਤੀ ਜਿਸ ਨੇ ਕਿਹਾ ਕਿ ਸਿੱਧੂ ਨੇ ਟਵੀਟ ਦੇ ਜ਼ਰੀਏ ਉਨ੍ਹਾਂ ਕਾਂਗਰਸੀ ਨੇਤਾਵਾਂ ਦਾ ਅਸਲੀ ਚਿਹਰਾ ਦਿਖਾਇਆ ਹੈ, ਜੋ ਇੱਕ "ਗਰੀਬ ਆਮ ਆਦਮੀ" ਹੋਣ ਦਾ ਦਾਅਵਾ ਕਰਦੇ ਹਨ।
ਰਵੀਨ ਠੁਕਰਾਲ, ਜੋ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਸਨ, ਨੇ ਵੀ ਤਿੰਨਾਂ ਨੇਤਾਵਾਂ 'ਤੇ ਚੁਟਕੀ ਲਈ। ਉਸ ਨੇ ਟਵੀਟ ਕੀਤਾ, "ਵਾਹ .. ਕਿੰਨੀ 'ਗਰੀਬਾਂ ਦੀ ਸਰਕਾਰ' ਹੈ! ਇੱਕ 16-ਸੀਟਰ ਲੀਅਰਜੈਟ 4 ਲੋਕਾਂ ਨੂੰ ਲੈ ਕੇ ਜਾਂਦੀ ਹੈ ਜਦੋਂ ਇੱਕ 5-ਸੀਟਰ ਦਾ ਸਰਕਾਰੀ ਹੈਲੀਕਾਪਟਰ ਉਪਲਬਧ ਹੈ। ਹੁਣ ਮੈਨੂੰ ਇਹ ਮਹਿਸੂਸ ਹੋਣ ਲੱਗ ਪਿਆ ਹੈ ਕਿ ਮੈਂ ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਨੂੰ ਵਿੱਤੀ ਗੜਬੜ 'ਚ ਮੰਨ ਰਿਹਾ ਸੀ। ਹੈਰਾਨਗੀ ਹੈ ਕਿ ਅਜਿਹੀ ਲਗਜ਼ਰੀ ਦਾ ਭੁਗਤਾਨ ਕੌਣ ਕਰ ਰਿਹਾ ਹੈ-ਰਾਜ ਸਰਕਾਰ ਜਾਂ ਆਈਐਨਸੀ ਪੰਜਾਬ?"
ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਦੀ ਸ਼ਾਹੀ ਸਵਾਰੀ 'ਤੇ ਸਵਾਲ