ਚੰਡੀਗੜ੍ਹ: ਕੇਂਦਰ ਵੱਲੋਂ ਪੰਜਾਬ ਵਿੱਚ ਬੀਐਸਐਫ ਦਾ ਦਾਇਰਾ ਵਧਾਉਣ ਵਿਰੁੱਧ ਪੰਜਾਬ ਦਾ ਰਵੱਈਆ ਤੈਅ ਕਰਨ ਲਈ ਸੱਦਿਆ ਗਿਆ ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਇਜਲਾਸ ਹੰਗਾਮਾ ਭਰਪੂਰ ਰਿਹਾ। ਹਾਲਾਂਕਿ ਇਹ ਮਤਾ ਸਰਬ ਸੰਮਤੀ ਨਾਲ ਪਾਸ ਹੋ ਗਿਆ ਪਰ ਸੈਸ਼ਨ ਦੌਰਾਨ ਸੱਤਾ ਧਿਰ ਤੇ ਵਿਰੋਧੀ ਧਿਰਾਂ ਵਿਚਾਲੇ ਤਿੱਖੀ ਤਕਰਾਰਬਾਜੀ ਹੋਈ। ਕੁਝ ਅਜਿਹੇ ਹੀ ਮੌਕਿਆਂ ਕਾਰਨ ਸਪੀਕਰ ਨੂੰ ਸੈਸ਼ਨ ਕਈ ਵਾਰ ਮੁਲਤਵੀ ਵੀ ਕਰਨਾ ਪਿਆ। ਇਸੇ ਤਰ੍ਹਾਂ ਵਿਰੋਧੀ ਧਿਰਾਂ ਨੇ ਕੁਝ ਮੁੱਦਿਆਂ ਨੂੰ ਲੈ ਕੇ ਵਿਧਾਨ ਸਭਾ ਵੱਲ ਰੋਸ ਮਾਰਚ ਵੀ ਕੀਤਾ।
ਦੂਜੇ ਦਿਨ ਦੀ ਸ਼ੁਰੂਆਤ ’ਚ ਬੀਐਸਐਫ ਦਾ ਦਾਇਰਾ ਵਧਾਉਣ ਵਿਰੁੱਧ ਸੁਪਰੀਮ ਕੋਰਟ ਜਾਣ ਦਾ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਸਮੁੱਚੇ ਹਾਊਸ ਨੇ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ। ਇਸ ਉਪਰੰਤ ਵਿਰੋਧੀ ਧਿਰਾਂ ਨੇ ਕਾਂਗਰਸ ਨੂੰ ਘੇਰਿਆ ਤੇ ਬਾਅਦ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਰੋਧੀਆਂ ਦਾ ਜਵਾਬ ਦਿੱਤਾ। ਉਨ੍ਹਾਂ ਅਕਾਲੀਆਂ ’ਤੇ ਭਾਜਪਾ ਨਾਲ ਮਿਲ ਕੇ ਸੰਘੀ ਢਾਂਚੇ ਦੀ ਸੰਘੀ ਘੁੱਟਣ ਦੀ ਗੱਲ ਕਹੀ ਤੇ ਕਿਹਾ ਕਿ 1977 ਤੋਂ ਹੀ ਅਕਾਲੀ ਦਲ ਅਖਤਿਆਰ ਹਾਸਲ ਕਰਨ ਲਈ ਸੂਬੇ ਦੇ ਹਿੱਤਾਂ ਨੂੰ ਕੇਂਦਰ ਹੱਥ ਵੇਚਦਾ ਆ ਰਿਹਾ ਹੈ। ਚੰਨੀ ਨੇ ਕਿਹਾ ਕਿ ਜਿਸ ਵੇਲੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਕੇ ਉਥੋਂ ਦੇ ਸੂਬਾਈ ਹੱਕਾਂ ’ਤੇ ਡਾਕਾ ਮਾਰਿਆ ਗਿਆ, ਉਸ ਵੇਲੇ ਅਕਾਲੀ ਦਲ ਭਾਜਪਾ ਦੇ ਨਾਲ ਸੀ ਤੇ ਸੁਖਬੀਰ ਬਾਦਲ ਨੇ ਇਸ ਦਾ ਵਿਰੋਧ ਤੱਕ ਨਹੀਂ ਕੀਤਾ।
ਜੇਕਰ ਅਕਾਲੀ ਨਾਲ ਨਾ ਹੁੰਦੇ ਤਾਂ ਕੇਂਦਰ ਦੀ ਜੁਅਰਤ ਨਾ ਹੁੰਦੀ
15ਵੀਂ ਪੰਜਾਬ ਵਿਧਾਨ ਸਭਾ ਦੇ 16ਵੇਂ ਇਜਲਾਸ ਮੌਕੇ ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਅਕਾਲੀਆਂ 'ਤੇ ਵਰ੍ਹਦਿਆਂ ਕਿਹਾ ਕਿ ਉਹ ਇੱਕ ਜ਼ਰੀਆ ਹਨ ਜਿਸ ਰਾਹੀਂ ਆਰ.ਐਸ.ਐਸ., ਜੋ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਨਾਲ ਖੇਡਦਾ ਰਿਹਾ ਹੈ, ਸੂਬੇ ਵਿਚ ਆਪਣੀ ਪਕੜ ਬਣਾਉਣ ਵਿਚ ਕਾਮਯਾਬ ਹੋਇਆ।
ਅਕਾਲੀ ਦਲ ‘ਤੇ ਨਿਸ਼ਾਨਾ ਸੇਧਦਿਆਂ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਅੱਜ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸੂਬਿਆਂ ਨੂੰ ਵਧੇਰੇ ਹੱਕ ਦੇਣ, ਚੰਡੀਗੜ੍ਹ ਨੂੰ ਪੰਜਾਬ ਹਵਾਲੇ ਕਰਨ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਵਰਗੇ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਹਮੇਸ਼ਾ ਸਿਆਸਤ ਦੇ ਸੌੜੇ ਨਜ਼ਰੀਏ ਤੋਂ ਦੇਖਿਆ ਹੈ। ਸੀਐਮ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਉਪਰੰਤ ਉਹ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲੇ ਤੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਤੇ ਪੰਜਾਬ ਦੀਆਂ ਕੌਮਾਂਤਰੀ ਸਰਹੱਦਾਂ ਸੀਲ ਕਰਨ ਦੀ ਗੱਲ ਕਹੀ ਪਰ ਅਕਾਲੀ ਦਲ ਨੇ ਭੰਡੀ ਪ੍ਰਚਾਰ ਕੀਤਾ ਕਿ ਮੁੱਖ ਮੰਤਰੀ ਕੇਂਦਰ ਨਾਲ ਗੰਢ-ਤੁੱਪ ਕਰਕੇ ਆਏ ਹਨ।
ਚੰਨੀ ਨੇ ਕਿਹਾ ਕਿ ਕੌਮਾਂਤਰੀ ਸਰਹੱਦਾਂ ਸੀਲ ਕਰਨਾ ਜਰੂਰੀ ਸੀ। ਉਨ੍ਹਾਂ ਬਿਨਾਂ ਨਾਂ ਲਏ ਅਕਾਲੀ ਆਗੂ ਵੱਲ ਇਸ਼ਾਰਾ ਕਰਕੇ ਕਿਹਾ ਕਿ ਉਨ੍ਹਾਂ ਪੰਜਾਬ ਨੂੰ ਨਸ਼ੇ ਵਿੱਚ ਝੋਕਿਆ, ਲਿਹਾਜਾ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਰੋਕਣ ਲਈ ਸਰਹੱਦਾਂ ਸੀਲ ਕਰਵਾਉਣਾ ਜਰੂਰੀ ਸੀ। ਜਿਵੇਂ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਾਸ਼ਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਨਸ਼ੇ ਦੇ ਮੁੱਦੇ ’ਤੇ ਘੇਰਿਆ, ਉਵੇਂ ਹੀ ਅਕਾਲੀ ਵਿਧਾਇਕ ਭੜਕ ਪਏ ਤੇ ਮੁੱਖ ਮੰਤਰੀ ਦੀ ਕੁਰਸੀ ਤੱਕ ਪੁੱਜ ਗਏ ਤੇ ਇੱਧਰੋਂ ਕਾਂਗਰਸੀ ਵਿਧਾਇਕ ਵੀ ਮੁੱਖ ਮੰਤਰੀ ਕੋਲ ਪੁੱਜ ਗਏ। ਪ੍ਰਧਾਨ ਨਵਜੋਤ ਸਿੱਧੂ ਵੀ ਉਥੇ ਹੀ ਸੀ, ਜਿਸ ਦੌਰਾਨ ਸਿੱਧੂ ਤੇ ਮਜੀਠੀਆ ਵਿਚਾਲੇ ਹੱਥੋਪਾਈ ਹੋਣ ਤੋਂ ਬਚ ਗਈ।
ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਲਈ ਲਿਆਂਦਾ ਬਿਲ
ਪੰਜਾਬ ਕੈਬਨਿਟ ਨੇ ਪਿਛਲੇ ਦਿਨੀਂ ਸੂਬੇ ਦੇ 36 ਹਜਾਰ ਤੋਂ ਵੱਧ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦਾ ਫੈਸਲਾ ਲਿਆ ਸੀ। ਹੁਣ ਇਸ ਸਬੰਧੀ ਐਕਟ ਬਣਾਉਣ ਲਈ ਸਰਕਾਰ ਨੇ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਬਕਾਇਦਾ ਬਿਲ ਪਾਸ ਕੀਤਾ। ਇਸ ਨੂੰ ‘ਦਿ ਪੰਜਾਬ ਪ੍ਰੋਟੈਕਸ਼ਨ ਐਂਡ ਰੈਗੁਲਰਾਈਜੇਸ਼ਨ ਆਫ ਕਾਂਟ੍ਰੈਕਚੁਅਲ ਇੰਪਲਾਈਜ਼ ਬਿਲ’ ਦਾ ਨਾਂ ਦਿੱਤਾ ਗਿਆ ਹੈ। ਇਹ ਬਿਲ ਕੈਬਨਿਟ ਵਿੱਚ ਪਾਸ ਕਰ ਦਿੱਤਾ ਗਿਆ ਤੇ ਹੁਣ ਇਸ ਨੂੰ ਐਕਟ ਵਜੋਂ ਨੋਟੀਫਾਈ ਕਰਨ ਲਈ ਰਾਜਪਾਲ ਕੋਲ ਭੇਜਿਆ ਜਾਵੇਗਾ ਤੇ ਇਸ ਉਪਰੰਤ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦਾ ਰਾਹ ਪੱਧਰਾ ਹੋ ਜਾਏਗਾ।
ਖੇਤੀ ਕਾਨੂੰਨ ’ਚ ਸੋਧ ਬਿਲ ਵੀ ਪੇਸ਼
ਪੰਜਾਬ ਵਿਧਾਨ ਸਭਾ ਵੱਲੋਂ ਪਿਛਲੇ ਸਾਲ ਪੇਸ਼ ਕੀਤੇ ਗਏ ਦਿ ਪੰਜਾਬ ਕਾਂਟ੍ਰੈਕਟ ਫਾਰਮਿੰਗ (ਰਿਪੀਲ) ਬਿਲ 2021 ਵਿਚ ਸੋਧ ਲਈ ਇੱਕ ਬਿਲ ਵੀ ਅੱਜ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਕਿਹਾ ਗਿਆ ਕਿ ਕੇਂਦਰ ਸਰਕਾਰ ਨੇ ਆਰਟੀਕਲ 33 ਵਿੱਚ ਗੈਰਜਰੂਰੀ ਸੋਧ ਕਰਕੇ ਕਿਸਾਨਾਂ ਸਬੰਧੀ ਐਕਟ ਦਾ ਰੂਪ ਹੀ ਬਦਲ ਦਿੱਤਾ ਹੈ। ਇਹ ਸੂਬੇ ਦੇ ਅਧਿਕਾਰ ਖੇਤਰ ਦਾ ਕਾਨੂੰਨ ਹੈ ਤੇ ਕੇਂਦਰ ਇਸ ਵਿੱਚ ਦਖ਼ਲ ਨਹੀਂ ਦੇ ਸਕਦਾ।
ਏਪੀਐਮਸੀ ਸੋਧ ਬਿਲ ਵੀ ਪੇਸ਼
ਇਸੇ ਤਰ੍ਹਾਂ ਸਰਕਾਰ ਨੇ ਦਿ ਪੰਜਾਬ ਐਗਰੀਕਲਚਰ ਪ੍ਰੋਡਿਊਸ ਮਾਰਕੀਟਸ (ਅਮੈਂਡਮੈਂਟ) ਬਿਲ ਵੀ ਪੇਸ਼ ਕੀਤਾ। ਇਸ ਰਾਹੀਂ ਸਰਕਾਰ ਇਹ ਕਹਿ ਰਹੀ ਹੈ ਕਿ ਕੇਂਦਰੀ ਕਾਨੂੰਨ ਮੁਤਾਬਕ ਖੇਤੀ ਉਤਪਾਦਾਂ ਨੂੰ ਕਾਰੋਬਾਰੀ ਉਤਪਾਦਾਂ ਵਜੋਂ ਗਿਣਿਆ ਜਾ ਰਿਹਾ ਹੈ ਤੇ ਇਸ ਨੂੰ ਲਫ਼ਜਾਂ ਦੇ ਹੇਰ ਫੇਰ ਨਾਲ ਘੁਮਾ ਕੇ ਕਿਸਾਨਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਗਿਆ, ਜਦੋਂਕਿ ਕਿਸਾਨਾਂ ਦੀ ਪੈਦਾਵਾਰ ਮੰਡੀਆਂ ਵਿੱਚ ਵੇਚੀ ਜਾਂਦੀ ਹੈ ਤੇ ਇਸ ਦਾ ਮੁੱਲ ਖਰੀਦਦਾਰ ਲਗਾਉਂਦੇ ਹਨ, ਲਿਹਾਜਾ ਖੇਤੀ ਉਤਪਾਦ ਕਾਰੋਬਾਰੀ ਉਤਪਾਦ ਨਹੀਂ ਹੈ। ਉਪਰਕਤ ਤਿੰਨ ਮੁੱਖ ਬਿਲਾਂ ਸਮੇਤ ਸਰਕਾਰ ਨੇ ਵਿਧਾਨ ਸਭਾ ਵਿੱਚ 14 ਬਿਲ ਪੇਸ਼ ਕੀਤੇ ਤੇ ਹਾਊਸ ਨੇ ਇਨ੍ਹਾਂ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ।
ਬਿਜਲੀ ਸਮਝੌਤੇ ਕਾਰਨ ਪਿਆ ਘਾਟਾ 25 ਸਾਲ ਭੁਗਤਣਾ ਪੈਣਾ-ਪਰਗਟ ਸਿੰਘ
ਅੱਜ ਪੰਜਾਬ ਵਿਧਾਨ ਸਭਾ ਵਿੱਚ ਸਾਡੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਵੱਲੋਂ ਸਾਲ 2006-07 ਤੋਂ ਸਾਲ 2020-21 ਸਮੇਂ ਲਈ ਬਿਜਲੀ ਖੇਤਰ ਉਤੇ ਪੇਸ਼ ਕੀਤੇ ਸਫ਼ੈਦ ਪੇਪਰ ਉਤੇ ਬੋਲਦਿਆਂ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਇਹ ਜਨਤਕ ਹਿੱਤ ਦਾ ਮਾਮਲਾ ਹੈ। ਇਹ ਸੂਬੇ ਦੇ ਖ਼ਜ਼ਾਨੇ ਨਾਲ ਲੁੱਟ-ਖਸੁੱਟ ਸੀ ਜਿਸ ਦਾ ਖ਼ਮਿਆਜ਼ਾ ਆਉਣ ਵਾਲੇ 25 ਸਾਲ ਪੰਜਾਬ ਸੂਬੇ ਨੂੰ ਭੁਗਤਣਾ ਪੈਣਾ ਹੈ। ਪਰਗਟ ਸਿੰਘ ਨੇ ਕਿਹਾ ਕਿ 25 ਸਾਲ ਬਾਅਦ ਸਾਡੇ ਸਦਨ ਦੇ ਮੈਂਬਰਾਂ ਵਿੱਚੋਂ ਕੋਈ ਇੱਥੇ ਨਹੀਂ ਹੋਣਾ ਪਰ ਸਾਡਾ ਪੰਜਾਬ ਤਾਂ ਇੱਥੇ ਹੀ ਰਹੇਗਾ। ਮਾਮਲਾ ਸੂਬੇ ਅਤੇ ਪੰਜਾਬੀਆਂ ਦੇ ਭਵਿੱਖ ਦਾ ਹੈ। ਸੂਬੇ ਉਤੇ 3 ਲੱਖ ਕਰੋੜ ਦਾ ਕਰਜ਼ਾ ਹੈ ਜਿਸ ਉੱਪਰ ਸਾਨੂੰ 30-35 ਹਜ਼ਾਰ ਕਰੋੜ ਰੁਪਏ ਤਾਂ ਵਿਆਜ਼ ਹੀ ਅਦਾ ਕਰਨਾ ਪੈਣਾ। ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਬਿਜਲੀ ਖਰੀਦ ਸਮਝੌਤਿਆਂ ਨੇ ਸੂਬੇ ਨੂੰ ਹੋਰ ਵੀ ਡੂੰਘੇ ਆਰਥਿਕ ਸੰਕਟ ਵਿੱਚ ਪਾ ਦਿੱਤਾ।
ਵਿਰੋਧੀ ਧਿਰਾਂ ਦਾ ਵਿਧਾਨ ਸਭਾ ਵੱਲ ਰੋਸ ਮਾਰਚ
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰਾਂ ਨੇ ਵੱਖ ਵੱਖ ਮੁੱਦਿਆਂ ’ਤੇ ਰੋਸ ਪ੍ਰਗਟਾਉਣ ਲਈ ਐਮਐਲਏ ਹੋਸਟਲ ਤੋਂ ਲੈ ਕੇ ਵਿਧਾਨ ਸਭਾ ਤੱਕ ਪੈਦਲ ਰੋਸ ਮਾਰਚ ਕੀਤਾ। ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਚਰਨਜੀਤ ਸਿੰਘ ਚੰਨੀ ਨੂੰ ਕਮਜੋਰ ਮੁੱਖ ਮੰਤਰੀ ਦੱਸਦੀਆਂ ਤਖ਼ਤੀਆਂ ਹੱਥਾਂ ਵਿੱਚ ਫੜੀਆਂ ਹੋਈਆਂ ਸੀ, ਉਥੇ ਆਮ ਆਦਮੀ ਪਾਰਟੀ ਨੇ ਬੀਐਸਐਫ ਦੇ ਮੁੱਦੇ ਤੇ ਅਤੇ ਡੀਏਪੀ ਦੀ ਘਾਟ ਦੇ ਮੁੱਦੇ ’ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਤੇ ਹੁਣ ਲੋਕ ਨੌਕਰੀਆਂ ਤੇ ਕਿਸਾਨੀ ਕਰਜੇ ਬਾਰੇ ਸੁਆਲ ਪੁੱਛ ਰਹੇ ਹਨ। ਇਸੇ ਤਰ੍ਹਾਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਰੋਸ ਮਾਰਚ ਕਰਦਿਆਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਦੇ ਹਿੱਤ ਕੇਂਦਰ ਹੱਥ ਵੇਚ ਦਿੱਤੇ ਹਨ।
ਮਜੀਠੀਆ ਵੱਲੋਂ ਸਦਨ 'ਚ ਅਕਾਲੀ ਵਿਧਾਇਕਾਂ ਨਾਲ ਧੱਕੇਸ਼ਾਹੀ ਦਾ ਦੋਸ਼
ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਦੋਸ਼ ਲਗਾਇਆ ਕਿ ਸਦਨ ਵਿੱਚ ਅਕਾਲੀ ਵਿਧਾਇਕਾਂ ਨਾਲ ਧੱਕੇਸ਼ਾਹੀ ਹੋਈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਲਈ ਸਪੀਕਰ ਨੂੰ ਪਰਚੀ 'ਤੇ ਲਿਖ ਕੇ ਸਾਨੂੰ ਬਾਹਰ ਕੱਢਣ ਲਈ ਕਿਹਾ ਗਿਆ। ਉਨ੍ਹਾਂ ਇਥੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਸਦਨ ਦੀ ਕੋਈ ਮਾਣ ਮਰਿਆਦਾ ਨਹੀਂ ਰਹੀ। ਇਸ ਤੋਂ ਇਲਾਵਾ ਉਨ੍ਹਾਂ ਮੁੱਖ ਮੰਤਰੀ ਚੰਨੀ ’ਤੇ ਮੰਦੀ ਸਬਦਾਵਲੀ ਦੀ ਵਰਤੋਂ ਕਰਨ ਦਾ ਦੋਸ਼ ਲਗਾਉਂਦਿਆਂ ਇਸ ਦੀ ਨਿਖੇਧੀ ਕੀਤੀ। ਮਜੀਠੀਆ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਮੁੱਦਿਆਂ ਦੀ ਗੱਲ ਨਹੀਂ ਕਰਨਾ ਚਾਹੁੰਦੀ ਤੇ ਵਿਧਾਨ ਸਭਾ ਵਿਚ ਅੱਜ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਗਈਆਂ। ਬਿਕਰਮ ਮਜੀਠੀਆ ਨੇ ਬੀ.ਐੱਸ.ਐੱਫ਼ ਦੇ ਮੁੱਦੇ ਨੂੰ ਲੈ ਕੇ ਵੀ ਕਾਂਗਰਸ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਇੱਕ ਮਹੀਨੇ 'ਚ ਮੁੱਖ ਮੰਤਰੀ ਨੇ ਬੀ.ਐੱਸ.ਐਫ਼ ਦੇ ਮੁੱਦੇ ਬਾਰੇ ਦਿੱਲੀ ਦੇ ਕਿਸੇ ਵੀ ਵਜ਼ੀਰ ਨਾਲ ਮੁਲਾਕਾਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ 'ਚ ਸਿਰਫ਼ ਤੇ ਸਿਰਫ਼ ਡਰਾਮਾ ਕੀਤਾ ਗਿਆ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਕੰਟਰੈਕਟ ਫਾਰਮਿੰਗ ਬਾਰੇ ਹੋਏ ਫੈਸਲੇ ਦੌਰਾਨ ਨਵਜੋਤ ਸਿੱਧੂ ਦੀ ਪਤਨੀ ਵੀ ਸਰਕਾਰ ਵਿੱਚ ਹਿੱਸੇਦਾਰ ਸੀ।
ਇਹ ਵੀ ਪੜ੍ਹੋ:ਬੀਐਸਐਫ ਵਿਦੇਸ਼ੀ ਫੋਰਸ ਨਹੀਂ ਜੋ ਸਾਡੀ ਧਰਤੀ ਕਬਜਾ ਲਵੇਗੀ:ਕੈਪਟਨ