ਨਵੀਂ ਦਿੱਲੀ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਦਿੱਲੀ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਅਭਿਸ਼ੇਕ ਦੱਤ ਅਤੇ ਪੰਜਾਬ ਦੇ ਕਈ ਅਧਿਕਾਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਧਰਨੇ 'ਤੇ ਬੈਠ ਗਏ। ਰਾਜਾ ਵੜਿੰਗ ਨੇ ਆਰੋਪ ਲਾਇਆ ਹੈ ਕਿ ਦਿੱਲੀ ਸਰਕਾਰ ਨੇ ਹਵਾਈ ਅੱਡੇ 'ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਆਉਣ-ਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ, ਜਦਕਿ ਬਾਦਲ ਦੀ 35 ਇੰਡੋ-ਕੈਨੇਡੀਅਨ ਬੱਸ ਸਰਵਿਸ ਦੀਆਂ ਬੱਸਾਂ ਨੂੰ ਦਿੱਲੀ ਏਅਰਪੋਰਟ ਦੇ ਅੰਦਰ ਜਾਣ ਦਿੱਤਾ ਜਾ ਰਿਹਾ ਹੈ।
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਸ ਸਬੰਧੀ ਦਿੱਲੀ ਸਰਕਾਰ ਨੂੰ ਕਈ ਵਾਰ ਪੱਤਰ ਲਿਖੇ ਜਾ ਚੁੱਕੇ ਹਨ ਪਰ ਅੱਜ ਤੱਕ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਕਿਹਾ ਕਿ ਕਈ ਵਾਰ ਪੱਤਰ ਲਿਖਣ ਤੋਂ ਬਾਅਦ ਵੀ ਜਵਾਬ ਨਾ ਮਿਲਣ 'ਤੇ ਅੱਜ ਮੈਂ ਅਧਿਕਾਰੀਆਂ ਅਤੇ ਦਿੱਲੀ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਅਭਿਸ਼ੇਕ ਦੱਤ ਨੂੰ ਨਾਲ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਆਇਆ ਹਾਂ। ਪਰ ਸੀ.ਐਮ.ਕੇਜਰੀਵਾਲ ਨੇ ਅਜੇ ਤੱਕ ਮੁਲਾਕਾਤ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੇ ਆਪਣੇ ਅਧਿਕਾਰੀਆਂ ਨੂੰ ਮਿਲਣ ਲਈ ਭੇਜਿਆ ਹੈ।
ਰਾਜਾ ਵੜਿੰਗ ਨੇ ਕੇਜਰੀਵਾਲ ਦੀ ਰਿਹਾਇਸ਼ ਬਾਹਰ ਕੀਤਾ ਰੋਸ ਪ੍ਰਦਰਸਨ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਦਿੱਤੀ ਹਰੀ ਝੰਡੀ: ਰਾਜਾ ਵੜਿੰਗ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਇਸ ਸਬੰਧੀ ਕੇਂਦਰੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੂੰ ਵੀ ਪੱਤਰ ਲਿਖਿਆ ਗਿਆ ਹੈ। ਜਿਸ 'ਤੇ ਉਨ੍ਹਾਂ ਕਿਹਾ ਕਿ ਜੇਕਰ ਬੱਸ ਏਅਰਪੋਰਟ ਦੇ ਅੰਦਰ ਆਉਂਦੀ ਹੈ ਤਾਂ ਸਾਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੈ ਪਰ ਤੁਸੀਂ ਇਸ ਸਬੰਧੀ ਦਿੱਲੀ ਸਰਕਾਰ ਨਾਲ ਗੱਲ ਕਰੋ। ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਦੱਸਿਆ ਕਿ 2018 ਤੋਂ ਪਹਿਲਾਂ ਪੰਜਾਬ ਟਰਾਂਸਪੋਰਟ ਦੀਆਂ ਬੱਸਾਂ ਏਅਰਪੋਰਟ ਦੇ ਅੰਦਰ ਆਉਂਦੀਆਂ ਸਨ, ਪਰ ਅਚਾਨਕ ਉਨ੍ਹਾਂ ਦਾ ਦਾਖਲਾ ਬੰਦ ਕਰ ਦਿੱਤਾ ਗਿਆ।
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਰੋਪ ਲਾਇਆ ਕਿ ਦਿੱਲੀ ਸਰਕਾਰ ਨੇ ਹਵਾਈ ਅੱਡੇ 'ਤੇ ਪੰਜਾਬ ਟਰਾਂਸਪੋਰਟ ਦੀਆਂ ਬੱਸਾਂ 'ਤੇ ਪਾਬੰਦੀ ਲਗਾ ਦਿੱਤੀ ਹੈ, ਜਦਕਿ ਬਾਦਲ ਦੀ 35 ਇੰਡੋ-ਕੈਨੇਡੀਅਨ ਬੱਸ ਸਰਵਿਸ ਦੀਆਂ ਸਾਰੀਆਂ ਬੱਸਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਹੈ। ਜੋ ਹਰ ਦੋ ਘੰਟੇ ਬਾਅਦ ਅੰਮ੍ਰਿਤਸਰ ਅਤੇ ਜਲੰਧਰ ਤੋਂ ਚੱਲਦੀ ਹੈ। ਇਨ੍ਹਾਂ ਦਾ ਕਿਰਾਇਆ 3000 ਰੁਪਏ ਹੈ ਜੋ ਕਿ ਸਰਕਾਰੀ ਬੱਸਾਂ ਦੇ ਕਿਰਾਏ ਨਾਲੋਂ ਦੁੱਗਣਾ ਹੈ। ਜੇਕਰ ਦਿੱਲੀ ਸਰਕਾਰ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਮੁੜ ਏਅਰਪੋਰਟ 'ਤੇ ਐਂਟਰੀ ਦਿੰਦੀ ਹੈ ਤਾਂ ਸਾਰੇ ਯਾਤਰੀਆਂ ਤੋਂ ਇੰਨੀ ਵੱਡੀ ਰਕਮ ਦੀ ਵਸੂਲੀ ਰੁੱਕ ਜਾਵੇਗੀ। ਜਿਸ ਕਾਰਨ ਲੋਕਾਂ ਨੂੰ ਰਾਹਤ ਮਿਲੇਗੀ ਪਰ ਸ਼ਾਇਦ ਕੇਜਰੀਵਾਲ ਸਰਕਾਰ ਇਹ ਨਹੀਂ ਚਾਹੁੰਦੀ। ਨਹੀਂ ਤਾਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਐਂਟਰੀ ਕਿਉਂ ਨਹੀਂ ਦਿੱਤੀ ਜਾਂਦੀ।
ਇਹ ਵੀ ਪੜੋ:- Assembly Elections 2022: ਦਿੱਲੀ ’ਚ ਕੇਜਰੀਵਾਲ ਦੀ ਰਿਹਾਇਸ਼ ਬਾਹਰ ਬੈਠੇ ਰਾਜਾ ਵੜਿੰਗ