ਪੰਜਾਬ ਵਿੱਚ ਰੇਲ ਗੱਡੀਆਂ ਨੂੰ ਮੁੜ ਤੋਂ ਬਹਾਲ ਕਰਨ ਲਈ ਭਾਜਪਾ ਤੇ ਕਾਂਗਰਸ ਸਾਂਸਦਾਂ ਨੇ ਰੇਲ ਮੰਤਰੀ ਪੀਯੂਸ਼ ਗੋਇਲ ਨਾਲ ਮੁਲਾਕਾਤ ਕੀਤੀ।
ਰੇਲ ਮੰਤਰੀ ਨੂੰ ਮਿਲੇ ਬਾਜਵਾ ਤੇ ਦੂਲੋ
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੇ ਰੇਲ ਮੰਤਰੀ ਪੀਯੂਸ਼ ਗੋਇਲ ਨਾਲ ਕੇਂਦਰ ਸਰਕਾਰ ਵੱਲੋਂ ਮਾਲਗੱਡੀਆਂ 'ਤੇ ਲੱਗਾਈ ਗਈ ਰੋਕ 'ਤੇ ਵਿਚਾਰ ਵੰਟਾਦਰੇ ਕੀਤੇ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਦਖਲ ਦੇਣ ਤਾਂ ਜੋ ਜਲਦ ਤੋਂ ਜਲਦ ਸੂਬੇ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਸ਼ੁਰੂ ਹੋ ਸਕੇ।
ਜ਼ਿਕਰਯੋਗ ਹੈ ਕਿ ਸੂਬੇ ਦੇ 8 ਲੋਕ ਸਭਾ ਮੈਂਬਰ -ਪ੍ਰਨੀਤ ਕੌਰ, ਰਵਨੀਤ ਬਿੱਟੂ, ਮਨੀਸ਼ ਤਿਵਾੜੀ, ਡਾ. ਅਮਰ ਸਿੰਘ, ਜਸਬੀਰ ਸਿੰਘ ਡਿੰਪਾ, ਮੁਹੰਮਦ ਸਦੀਕ, ਸੰਤੋਖ ਚੌਧਰੀ ਤੇ ਗੁਰਜੀਤ ਸਿੰਘ ਔਜਲਾ ਕੁਝ ਦਿਨਾਂ ਤੋਂ ਰੇਲ ਮੰਤਰੀ ਨਾਲ ਮੁਲਾਕਾਤ ਕਰਨ ਲਈ ਸਮਾਂ ਮੰਗ ਰਹੇ ਸਨ।
ਕਿਸਾਨਾਂ ਨੇ ਤਾਂ ਮਾਲਗੱਡੀਆਂ ਲਈ ਟਰੈਕ ਖਾਲੀ ਕਰ ਦਿੱਤੇ ਸਨ ਪਰ ਕੇਂਦਰ ਸਰਕਾਰ ਨੇ ਮਾਲ ਗੱਡੀਆਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਸੀ ਕਿ ਪਹਿਲਾਂ ਸੂਬੇ ਵਿਚ ਸੁਰੱਖਿਆਤ ਮਾਹੌਲ ਮੁਹੱਈਆ ਕਰਵਾਇਆ ਜਾਵੇ ਤੇ ਸਿਰਫ਼ ਮਾਲ ਗੱਡੀਆਂ ਨੂੰ ਨਹੀਂ, ਪੈਸੇਂਜਰ ਗੱਡੀਆਂ ਨੂੰ ਵੀ ਇਜਾਜ਼ਤ ਦਿੱਤੀ ਜਾਵੇ।
ਭਾਜਪਾ ਦੇ ਵਫ਼ਦ ਨੇ ਵੀ ਰੇਲ ਮੰਤਰੀ ਨਾਲ ਕੀਤੀ ਮੁਲਾਕਾਤ
ਭਾਜਪਾ ਦੇ ਹਰਦੀਪ ਸਿੰਘ ਪੁਰੀ, ਆਰ ਪੀ ਸਿੰਘ ਅਤੇ ਤਰੁਣ ਚੁੱਘ ਨੇ ਵੀ ਰੇਲ ਭਵਨ ਪਹੁੰਚ ਕੇ ਰੇਲ ਮੰਤਰੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਵੱਲੋਂ ਵੀ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਮਾਲ ਗੱਡੀਆਂ ਨੂੰ ਸੂਬੇ ਦੀਆਂ ਪਟੜੀਆਂ ਤੋਂ ਲੰਘਣ ਦੀ ਇਜਾਜ਼ਤ ਦਿੱਤੀ ਜਾਵੇ।