ਚੰਡੀਗੜ੍ਹ:ਨਸ਼ਾ, ਹਥਿਆਰਾਂ ਅਤੇ ਗੈਂਗਸਟਰਵਾਦ ਦਾ ਜੋ ਪੰਜਾਬ ਵਿੱਚ ਦੌਰ ਚੱਲ ਰਿਹਾ ਹੈ, ਉਹੀ ਖੇਡ ਵਿਦੇਸ਼ੀ ਧਰਤੀ ਕੈਨੇਡਾ ਵਿੱਚ ਪੰਜਾਬੀਆਂ ਨੇ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਵਿੱਚ ਕੈਨੇਡਾ ਸਰਕਾਰ ਨੇ ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਹੈ, ਜੋ ਉਨ੍ਹਾਂ ਦੇ ਦੇਸ਼ 'ਚ ਰਹੇ ਹਨ। ਜਿਸ ਨੂੰ ਕੈਨੇਡੀਅਨ ਸਰਕਾਰ ਜਲਦ ਹੀ ਉਥੋਂ ਡਿਪੋਰਟ ਕਰਨ ਜਾ ਰਹੀ ਹੈ। ਹੁਣ ਕੈਨੇਡਾ ‘ਚ ਪੰਜਾਬੀਆਂ ਤੋਂ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਫੜੇ ਗਏ ਹਨ। ਇਹ ਨਸ਼ੀਲੇ ਪਦਾਰਥ ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਫੜੇ ਹਨ।
2.5 ਮਿਲੀਅਨ ਡਾਲਰ ਮੁੱਲ ਦਾ ਨਸ਼ਾ: ਪੀਲ ਖੇਤਰੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਪੰਜ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਪੰਜਾਬੀ ਹਨ। ਇਨ੍ਹਾਂ ਦੇ ਕਬਜ਼ੇ 'ਚੋਂ 2.5 ਮਿਲੀਅਨ ਡਾਲਰ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ। ਉਹ ਕਾਫੀ ਸਮੇਂ ਤੋਂ ਇੱਥੇ ਨਸ਼ੇ ਦਾ ਕਾਰੋਬਾਰ ਕਰ ਰਹੇ ਸੀ।
ਪੁਲਿਸ ਨੂੰ ਮਿਲੀ ਸੀ ਸੂਚਨਾ: ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਸ਼ੇ ਦੀ ਵੱਡੀ ਖੇਪ ਸਪਲਾਈ ਹੋਣ ਵਾਲੀ ਹੈ। ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੀਲ ਪੁਲਿਸ ਨੇ ਛਾਪਾ ਮਾਰ ਕੇ 5 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ।