ਨਵੀਂ ਦਿੱਲੀ:ਪੰਜਾਬ ਤੇ ਦਿੱਲੀ ਦੇ ਸਿੱਖਿਆ ਮਾਡਲ (Education model) ਨੂੰ ਲੈ ਕੇ ਕਾਂਗਰਸ (Congress) ਤੇ ਆਮ ਆਦਮੀ ਪਾਰਟੀ (Aam Aadmi Party) ਦੀ ਆਪਸੀ ਖਿਚੋਤਾਣ ਜਾਰੀ ਹੈ। ਉਥੇ ਹੀ ਪੰਜਾਬ ਤੇ ਦਿੱਲੀ ਸਰਕਾਰ ਵੱਲੋਂ ਆਏ ਦਿਨੀਂ ਇੱਕ ਦੂਜੇ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਤੇ ਪਿਛਲੇ ਕਈ ਦਿਨਾਂ ਤੋਂ ਟਵੀਟ ਵਾਰ ਜਾਰੀ ਹੈ। ਉਥੇ ਹੀ ਹੁਣ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Deputy Chief Minister Manish Sisodia) ਨੇ 250 ਸਕੂਲਾਂ ਦੀ ਲਿਸਟ ਜਾਰੀ ਕੀਤੀ ਹੈ ਜਿਹੜੇ ਸਕੂਲਾਂ ਵਿੱਚ ਵਿਕਾਸ ਹੋਇਆ ਹੈ ਤੇ ਸਿੱਖਿਆ ਦਾ ਮਿਆਰ ਬਦਲ ਗਿਆ ਹੈ।
ਮਨੀਸ਼ ਸਿਸੋਦੀਆ ਨੇ ਸੂਚੀ ਜਾਰੀ ਕਰ ਪਰਗਟ ਸਿੰਘ ਨੂੰ ਕੀਤਾ ਸਵਾਲ ਇਹ ਵੀ ਪੜੋ:ਬੇਅਦਬੀ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਮੁੜ ਆਪਣੀ ਹੀ ਸਰਕਾਰ ਨੂੰ ਕੀਤਾ ਸਵਾਲ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Deputy Chief Minister Manish Sisodia) ਨੇ ਸੂਚੀ ਜਾਰੀ ਕਰਦੇ ਹੋਏ ਕਿਹਾ ਕਿ ‘ਪੰਜਾਬ ਸਿੱਖਿਆ ਮੰਤਰੀ ਪਰਗਟ ਸਿੰਘ (Punjab Education Minister Pargat Singh) ਜੀ, ਪਿਛਲੇ 5 ਸਾਲਾਂ ਵਿੱਚ ਦਿੱਲੀ ਸਰਕਾਰ ਨੇ ਸਾਰੇ ਸਕੂਲਾਂ ਵਿੱਚ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਹਨ ਜੋ ਇੱਕ ਅਧਿਆਪਕ ਨੂੰ ਦਿਲੋਂ ਪੜ੍ਹਾਉਣ ਲਈ ਮਿਲਣੀਆਂ ਚਾਹੀਦੀਆਂ ਹਨ ਅਤੇ ਇੱਕ ਬੱਚੇ ਨੂੰ ਸਵੈ-ਮਾਣ ਨਾਲ ਸਕੂਲ ਜਾਣਾ ਚਾਹੀਦਾ ਹੈ, ਪਰ ਤੁਸੀਂ 250 ਸਕੂਲਾਂ ਦੀ ਗੱਲ ਕਰ ਰਹੇ ਹੋ, ਇਸ ਲਈ ਮੈਂ ਸਿਰਫ 250 ਸਕੂਲਾਂ ਦੀ ਸੂਚੀ ਜਾਰੀ ਕਰ ਰਿਹਾ ਹਾਂ।’
ਮਨੀਸ਼ ਸਿਸੋਦੀਆ (Manish Sisodia) ਨੇ ਅੱਗੇ ਕਿਹਾ ਕਿ ‘ਉਮੀਦ ਹੈ ਕਿ ਅੱਜ ਰਾਤ ਤੱਕ ਤੁਸੀਂ ਪੰਜਾਬ ਦੇ 12ਵੀਂ ਜਮਾਤ ਤੱਕ ਦੇ 250 ਸਕੂਲਾਂ ਦੀ ਸੂਚੀ ਵੀ ਜਾਰੀ ਕਰੋਗੇ ਜਿਨ੍ਹਾਂ ਦੀ ਸਿੱਖਿਆ ਵਿੱਚ ਤੁਹਾਡੀ ਸਰਕਾਰ ਨੇ ਪਿਛਲੇ 5 ਸਾਲਾਂ ਵਿੱਚ ਸੁਧਾਰ ਕੀਤਾ ਹੈ। ਫਿਰ ਦੋਵੇਂ ਪੰਜਾਬ ਅਤੇ ਦਿੱਲੀ ਦੇ ਸਕੂਲਾਂ ਨੂੰ ਇਕੱਠੇ ਦੇਖਣਗੇ। ਉਸ ਤੋਂ ਬਾਅਦ ਵੋਟਰ ਫੈਸਲਾ ਕਰ ਸਕਦੇ ਹਨ ਕਿ ਉਹ ਕਿਹੜਾ ਸਿੱਖਿਆ ਮਾਡਲ ਚਾਹੁੰਦੇ ਹਨ।
ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਪਿਛਲੇ 5 ਸਾਲਾਂ ਵਿੱਚ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਅਤੇ ਬੁਨਿਆਦੀ ਢਾਂਚੇ ਵਿੱਚ ਕਾਫੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ ਤਾਂ ਜੋ ਉਹ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜ੍ਹਾ ਸਕਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਨਤੀਜਿਆਂ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਇਸ ਸਾਲ ਲਗਭਗ 500 ਬੱਚਿਆਂ ਨੇ ਜੇਈਈ ਮੇਨ ਪ੍ਰੀਖਿਆ ਲਈ ਯੋਗਤਾ ਪੂਰੀ ਕੀਤੀ ਹੈ। ਇਸ ਤੋਂ ਇਲਾਵਾ 70 ਦੇ ਕਰੀਬ ਬੱਚਿਆਂ ਨੇ ਜੇਈਈ ਐਡਵਾਂਸ ਦੀ ਪ੍ਰੀਖਿਆ ਪਾਸ ਕੀਤੀ ਹੈ।
ਦੱਸ ਦੇਈਏ ਕਿ ਹਾਲ ਹੀ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ 'ਤੇ ਸਨ। ਉੱਥੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਪੰਜ ਸਾਲਾਂ ਵਿੱਚ ਦਿੱਲੀ ਦੀ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਸੁਧਾਰ ਕੀਤਾ ਹੈ। ਇਸ 'ਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ 'ਚ ਸਿੱਖਿਆ 'ਤੇ ਬਹੁਤ ਕੰਮ ਹੋਇਆ ਹੈ ਪਰ ਦਿੱਲੀ 'ਚ ਕੁਝ ਨਹੀਂ ਹੋਇਆ। ਇਸ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ 250 ਸਕੂਲਾਂ ਦੀ ਸੂਚੀ ਜਾਰੀ ਕਰਨ ਦੀ ਗੱਲ ਕੀਤੀ ਹੈ। ਇਸ ਤਹਿਤ ਦਿੱਲੀ ਸਰਕਾਰ ਨੇ ਬਹਿਸ ਲਈ ਢਾਈ ਸੌ ਸਕੂਲਾਂ ਦੀ ਸੂਚੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਜੇਕਰ ਪੰਜਾਬ ਵਿੱਚ ਸਹੀ ਮਾਅਨਿਆਂ ਵਿੱਚ ਸਿੱਖਿਆ ਵਿੱਚ ਸੁਧਾਰ ਹੋਇਆ ਹੈ ਤਾਂ ਪੰਜਾਬ ਸਰਕਾਰ ਨੂੰ ਅੱਜ ਰਾਤ ਤੱਕ ਢਾਈ ਸੌ ਸਕੂਲਾਂ ਦੀ ਸੂਚੀ ਜਾਰੀ ਕਰਨੀ ਚਾਹੀਦੀ ਹੈ ਤਾਂ ਜੋ ਸਿੱਖਿਆ ’ਤੇ ਬਹਿਸ ਹੋ ਸਕੇ।