ਚੰਡੀਗੜ੍ਹ: ਇੱਕ ਪਾਸੇ ਸਿੱਧੂ ਨੇ ਅਸਤੀਫਾ ਦਿੱਤਾ ਹੋਇਆ ਹੈ ਤੇ ਦੂਜੇ ਪਾਸੇ ਕੇਂਦਰੀ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਹਵਾ ਦੇ ਕੇ ਉਨ੍ਹਾਂ ਨੂੰ ਮਜਬੂਤੀ ਦੇਣ ਦਾ ਕੰਮ ਕਰ ਰਹੇ ਹਨ। ਸਾਬਕਾ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਬਿਆਨ ਦੇ ਦਿੱਤਾ ਹੈ ਕਿ ਸਰਹੱਦੀ ਸੂਬੇ (Border State) ਪੰਜਾਬ ਵਿੱਚ ਪਾਰਟੀ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ ਹੈ। ਉਨ੍ਹਾਂ ਨਵਜੋਤ ਸਿੰਘ ਸਿੱਧੂ ਦਾ ਨਾਮ ਲਏ ਬਗੈਰ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਪ੍ਰੇਸ਼ਾਨੀ ਹੈ ਤਾਂ ਉਸ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਪਾਕਿਸਤਾਨ ਤੋਂ ਪੰਜਾਬ ਨੂੰ ਖਤਰਾ ਦੱਸਿਆ ਹੈ।
ਪੰਜਾਬ ਵਿੱਚ ਪਾਰਟੀ ਦੀ ਸਰਗਰਮੀਆਂ ਠੀਕ ਨਹੀਂ
ਸਿੱਬਲ ਨੇ ਕਿਹਾ ਕਿ ਮੈਂ ਪੰਜਾਬ ਦੀ ਗੱਲ ਨਹੀਂ ਕਰਨਾ ਚਾਹੁੰਦਾ ਸੀ ਪਰ ਇਹ ਇੱਕ ਸਰਹੱਦੀ ਸੂਬਾ ਹੈ, ਜਿੱਥੇ ਕਾਂਗਰਸ ਪਾਰਟੀ ਵਿੱਚ ਇਹ ਸਾਰਾ ਕੁਝ ਵਾਪਰ ਰਿਹਾ ਹੈ। ਇਸ ਦਾ ਮਤਲਬ ਸਿੱਧਾ ਹੈ ਕਿ ਇਸ ਦਾ ਫਾਇਦਾ ਆਈਐਸਆਈ ਤੇ ਪਾਕਿਸਤਾਨ ਨੂੰ ਹੋਵੇਗਾ। ਅਸੀਂ ਪੰਜਾਬ ਦੇ ਇਤਿਹਾਸ ਅਤੇ ਇਥੇ ਪੈਦਾ ਹੋਏ ਖਾੜਕੂਵਾਦ ਬਾਰੇ ਚੰਗੀ ਤਰ੍ਹਾਂ ਜਾਣਦੇ ਹਾਂ। ਇਹ ਵੀ ਪਤਾ ਹੈ ਕਿ ਸਰੱਹਦ ਪਾਰ ਦੀਆਂ ਤਾਕਤਾਂ ਪੰਜਾਬ ਦੇ ਹਾਲਾਤਾਂ ਦਾ ਫਾਇਦਾ ਚੁੱਕ ਕੇ ਕਿਸ ਤਰ੍ਹਾਂ ਮਹੌਲ ਖਰਾਬ ਕਰਦੀਆਂ ਹਨ। ਕਾਂਗਰਸ ਨੂੰ ਚਾਹੀਦਾ ਹੈ ਕਿ ਉਹ ਇਕੱਠੇ ਰਹਿਣ।
ਕੈਪਟਨ ਨੂੰ ਮਜਬੂਤੀ ਦੇ ਰਹੇ ਹਨ ਕੇਂਦਰੀ ਕਾਂਗਰਸੀ ਕੈਪਟਨ ਨੇ ਕਿਹਾ ਸੀ ਸਰਹੱਦ ਪਾਰ ਤਾਕਤਾਂ ਨਾਲ ਲੋਕਾਂ ਨੂੰ ਵੀ ਲੜਨ ਦੀ ਲੋੜ
ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਤੋਂ ਕਹਿੰਦੇ ਆ ਰਹੇ ਹਨ ਕਿ ਨਵਜੋਤ ਸਿੱਧੂ ਸਰਹੱਦੀ ਸੂਬੇ ਲਈ ਫਿੱਟ ਵਿਅਕਤੀ ਨਹੀਂ ਹਨ ਤੇ ਉਹ ਸਥਿਰ ਵਿਅਕਤੀ ਨਹੀਂ ਹਨ। ਇਸ ਗੱਲ ਨੂੰ ਲੈ ਕੇ ਕੈਪਟਨ ਨੇ ਸਿੱਧੂ ‘ਤੇ ਦੋ ਵਾਰ ਨਿਸ਼ਾਨਾ ਸਾਧਿਆ ਸੀ। ਇੱਕ ਵਾਰ ਜਦੋਂ ਕੈਪਟਨ ਨੇ ਆਪ ਅਸਤੀਫਾ ਦਿੱਤਾ ਤੇ ਹੁਣ ਜਦੋਂ ਸਿੱਧੂ ਨੇ ਅਸਤੀਫਾ ਦਿੱਤਾ, ਉਦੋਂ ਵੀ ਕੈਪਟਨ ਨੇ ਉਹੀ ਬਿਆਨ ਦੁਹਰਾਇਆ। ਸਿੱਧੂ ਵੱਲੋਂ ਪ੍ਰਧਾਨਗੀ ਸੰਭਾਲਣ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਨਸੀਹਤ ਦਿੱਤੀ ਸੀ ਕਿ ਪਠਾਨਕੋਟ ਤੋਂ ਲੈ ਕੇ ਫਾਜਿਲਕਾ ਤੱਕ ਸਾਡਾ ਛੇ ਸੌ ਕਿਲੋਮੀਟਰ ਦੀ ਸਰਹੱਦ ਹੈ। ਰੋਜਾਨਾ ਇਥੇ ਡਰੋਨ (Drone) ਮਿਲ ਰਹੇ ਹਨ ਤੇ ਪਾਕਿਸਤਾਨੀ ਇਥੇ ਗੜਬੜ ਕਰਨਾ ਚਾਹੁੰਦਾ ਹੈ। ਸਰਹੱਦ ‘ਤੇ ਫੌਜ ਲੜਦੀ ਹੈ, ਪਰ ਅੰਦਰ ਲੋਕਾਂ ਨੂੰ ਲੜਨਾ ਪੈਣਾ ਹੈ ਤੇ ਜਿੱਥੇ ਵੀ ਦੇਸ਼ ਵਿਰੋਧੀ ਸਰਗਰਮੀ ਵਿਖੇ ਉਥੇ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ। ਉਨ੍ਹਾਂ ਪਾਰਟੀ ਵਰਕਰਾਂ ਨੂੰ ਵੀ ਇਸ ਦਿਸ਼ਾ ਵੱਲ ਪ੍ਰਧਾਨ ਨਵਜੋਤ ਸਿੱਧੂ ਦਾ ਸਹਿਯੋਗ ਕਰਨ ਦੀ ਨਸੀਹਤ ਦਿੱਤੀ ਸੀ।
ਕੈਪਟਨ ਨੂੰ ਮਜਬੂਤੀ ਦੇ ਰਹੇ ਕੇਂਦਰੀ ਕਾਂਗਰਸੀ! ਮਨੀਸ਼ ਤਿਵਾਰੀ ਨੇ ਵੀ ਦਿੱਤਾ ਬਿਆਨ
ਇਸ ਦੇ ਨਾਲ ਹੀ ਕਾਂਗਰਸੀ ਐਮਪੀ ਮਨੀਸ਼ ਤਿਵਾਰੀ (Manish Tiwari) ਨੇ ਵੀ ਪੰਜਾਬ ਦੀ ਮੌਜੂਦਾ ਰਾਜਨੀਤੀ ਨੂੰ ਮੰਦਭਾਗਾ ਦੱਸਿਆ ਤੇ ਕਿਹਾ ਪੰਜਾਬ ਇਕ ਸੰਵੇਦਨਸ਼ੀਲ ਸਰਹੱਦੀ ਸੂਬਾ ਹੈ, ਇਸ ਲਈ ਪਾਕਿਸਤਾਨ (Pakistan) ਗੜਬੜ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਗ਼ੁੱਸਾ ਚੱਲ ਰਿਹਾ ਹੈ ਅਤੇ ਇਨ੍ਹਾਂ ਸਥਿਤੀਆਂ ਵਿੱਚ ਰਾਜ ਵਿੱਚ ਚੱਲ ਰਹੀ ਰਾਜਨੀਤੀ ਰਾਜ ਦੀ ਸਥਿਰਤਾ ਅਤੇ ਸੁਰੱਖਿਆ 'ਤੇ ਗੰਭੀਰ ਪ੍ਰਭਾਵ ਪਾ ਸਕਦੀ ਹੈ। ਉਨ੍ਹਾਂ ਖਦਸ਼ਾ ਜਤਾਇਆ ਕਿ ਪਾਕਿਸਤਾਨ ਪੰਜਾਬ ਵਿੱਚ ਅਸਥਿਰਤਾ ਲਿਆਉਣ ਲਈ ਆਪਣੀ ਮਸ਼ੀਨਰੀ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ।
ਜਿਕਰਯੋਗ ਹੈ ਕਿ ਪਾਰਟੀ ਦੇ ਸੀਨੀਅਰ ਆਗੂ ਹੁਣ ਕੈਪਟਨ ਦੇ ਬਿਆਨ ਵਿੱਚ ਹਾਂ ਮਿਲਾਉਂਦੇ ਹੋਏ ਉਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਮਜਬੂਤੀ ਪ੍ਰਦਾਨ ਕਰ ਰਹੇ ਹਨ ਪਰ ਇਸ ਦੇ ਨਾਲ ਹੀ ਇਸ ਗੱਲ ਦਾ ਕਾਂਗਰਸ ਹਾਈਕਮਾਂਡ ਨੂੰ ਜਵਾਬ ਦੇਣਾ ਪਵੇਗਾ ਕਿ ਸਿੱਧੂ ਨੂੰ ਪ੍ਰਧਾਨਗੀ ਸੌਂਪਦੇ ਵਕਤ ਪੰਜਾਬ ਦੀ ਸੁਰੱਖਿਆ ਨੂੰ ਖਤਰੇ ਦੀ ਯਾਦ ਕਿਉਂ ਨਹੀਂ ਆਈ।
ਇਹ ਵੀ ਪੜ੍ਹੋ:ਅਸਤੀਫਾ ਦੇ ਕੇ ਵੀ ਪ੍ਰਧਾਨ ਸਿੱਧੂ ਹੀ, ਮੁੱਦਾ ਬਣਿਆ ਚੁਣੌਤੀ