ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ ਸਿਆਸੀ ਡਰਾਮੇ 'ਚ ਅੱਜ ਪਾਰਟੀ ਇੰਚਾਰਜ ਹਰੀਸ਼ ਰਾਵਤ, ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਸ਼ੁੱਕਰਵਾਰ ਨੂੰ ਰਾਵਤ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਰਾਵਤ ਨੇ ਕਿਹਾ ਸੀ ਕਿ ਮੈਂ ਕਾਂਗਰਸ ਪ੍ਰਧਾਨ ਨੂੰ ਸੂਚਿਤ ਕਰ ਦਿੱਤਾ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਹਰ ਕੋਈ ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰੇਗਾ। ਇੱਥੇ ਕੁਝ ਸਮੱਸਿਆਵਾਂ ਆਈਆਂ ਹਨ ਪਰ ਅਸੀਂ ਉਨ੍ਹਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਸਥਿਤੀ ਕਾਬੂ ਹੇਠ ਹੈ। ਇਸ ਦੇ ਨਾਲ ਹੀ ਸਿੱਧੂ ਦੇ ਇੱਟ ਨਾਲ ਇੱਟ ਖੜਕਾਉਣ ਦੇ ਬਿਆਨ ਬਾਰੇ ਰਾਵਤ ਨੇ ਕਿਹਾ ਕਿ ਇਹ ਉਨ੍ਹਾਂ ਦਾ ਅੰਦਾਜ-ਏ-ਬਿਆਂ ਵੀ ਹੋ ਸਕਦਾ ਹੈ।
ਵਿਚਾਰ ਰੱਖਣਾ ਲੋਕਤੰਤਰੀ ਹੱਕ ਪਰ ਅੰਤਮ ਫੈਸਲਾ ਪਾਰਟੀ ਪ੍ਰਧਾਨ ਲੈਣਗੇ
ਰਾਵਤ ਨੇ ਕਿਹਾ ਕਿ ਆਪਣੇ ਵਿਚਾਰ ਰੱਖਣੇ ਕਿਸੇ ਵਿਅਕਤੀ ਜਾਂ ਵਿਧਾਇਕ ਦਾ ਲੋਕਤੰਤਰੀ ਹੱਕ ਹੈ ਪਰ ਇਸ ‘ਤੇ ਫੈਸਲਾ ਲੈਣ ਦਾ ਹੱਕ ਸਿਰਫ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਹਰੇਕ ਵਿਅਕਤੀ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਦਾ ਫੈਸਲਾ ਹੀ ਅੰਤਮ ਹੋਵੇਗਾ ਤੇ ਉਹ ਉਨ੍ਹਾਂ ਨੂੰ ਮੰਜੂਰ ਹੋਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਵਿਧਾਇਕ ਮੈਨੂੰ ਮਿਲਣ ਆਏ ਸੀ, ਉਨ੍ਹਾਂ ਨੇ ਵੀ ਇਹੋ ਗੱਲ ਕਹੀ।
ਇਹ ਵੀ ਪੜ੍ਹੋ: ਹਾਈਕਮਾਂਡ ਦਾ ਹੁਕਮ, ਮਿਲ ਕੇ ਕੰਮ ਕਰਨ ਸਾਰੇ
ਇੱਟ ਨਾਲ ਇੱਟ ਖੜਕਾਉਣ ਦਾ ਬਿਆਨ ਸਿੱਧੂ ਦਾ ਅੰਦਾਜ
ਪਾਰਟੀ ਵੱਲੋਂ ਸੁਤੰਤਰ ਤੌਰ ‘ਤੇ ਫੈਸਲੇ ਲੈਣ ਦੀ ਖੁੱਲ੍ਹ ਨਾ ਦੇਣ ਦਾ ਦੋਸ਼ ਲਗਾਉਂਦਿਆਂ ਇੱਟ ਨਾਲ ਇੱਟ ਵਜਾਉਣ ਦੇ ਸਿੱਧੂ ਦੇ ਬਿਆਨ ਬਾਰੇ ਰਾਵਤ ਨੇ ਕਿਹਾ ਕਿ ਇਹ ਉਨ੍ਹਾਂ ਦਾ ਅੰਦਾਜ ਏ ਬਿਆਨ ਹੈ ਤੇ ਇਹ ਨਹੀਂ ਕਿ ਉਨ੍ਹਾਂ ਇਹ ਕਿਸ ਵਿਸ਼ੇ ਵਿੱਚ ਕਿਹਾ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਜੇ ਕੋਈ ਹਦਾਇਤ ਕਰਨਗੇ ਤਾਂ ਉਸ ਨੂੰ ਉਹ ਮੀਡੀਆ ਨਾਲ ਸ਼ੇਅਰ ਕਰਨਗੇ। ਉਨ੍ਹਾਂ ਕਿਹਾ ਕਿ ਅਜੇ ਤੱਕ ਪੰਜਾਬ ਵਿੱਚ ਤਿੰਨ ਧਿਰਾਂ ਹਨ, ਮੁੱਖ ਮੰਤਰੀ, ਵਿਧਾਇਕ-ਮੰਤਰੀ ਤੇ ਪ੍ਰਦੇਸ਼ ਕਾਂਗਰਸ, ਉਹ ਸਾਰੇ ਇੱਕ ਦੂਜੇ ਦੀ ਇੱਜਤ ਕਰਦਿਆਂ ਮਿਲ ਕੇ ਕੰਮ ਕਰਨਗੇ।
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਸੋਨੀਆ ਗਾਂਧੀ ਨੂੰ ਮਿਲਣ ਲਈ ਦਿੱਲੀ ਪੁੱਜੇ ਸਨ। ਇਥੇ ਉਨ੍ਹਾਂ ਪੰਜਾਬ ਕਾਂਗਰਸ ‘ਚ ਚੱਲ ਰਹੇ ਵਿਵਾਦ ਦੇ ਮਸਲੇ ‘ਤੇ ਚਰਚਾ ਕੀਤੀ। ਹਰੀਸ਼ ਰਾਵਤ ਨੇ ਸ਼ੁੱਕਰਵਾਰ ਸਵੇਰੇ ਹੀ ਦੱਸਿਆ ਸੀ ਕਿ ਉਨ੍ਹਾਂ ਨੂੰ ਪੰਜਾਬ ਦੇ ਚਾਰ ਮੰਤਰੀ ਤੇ ਤਿੰਨ ਵਿਧਾਇਕ ਮਿਲੇ ਸੀ ਤੇ ਉਨ੍ਹਾਂ ਨੇ ਆਪਣੀ ਗੱਲ ਰੱਖੀ ਹੈ।
ਪੰਜਾਬ ਮਸਲੇ ‘ਤੇ ਹੋਈ ਚਰਚਾ
ਸੋਨੀਆ ਨਾਲ ਮੁਲਾਕਾਤ ਦੌਰਾਨ ਪੰਜਾਬ ਮਸਲੇ ‘ਤੇ ਚਰਚਾ ਹੋਈ ਹੈ। ਰਾਵਤ ਨੇ ਕਿਹਾ ਸੀ ਕਿ ਇਹ ਗੱਲਾਂ ਉਹ ਆਪਣੇ ਦੋਵੇਂ ਨੇਤਾਵਾਂ ਯਾਨੀ ਕੌਮੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਸਾਂਝੀਆਂ ਕਰਨਗੇ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਕਹਿ ਚੁੱਕੇ ਹਨ ਕਿ ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਤੇ ਪੰਜਾਬ ਦਾ ਵਿਵਾਦ ਹਾਈਕਮਾਂਡ ਦੇ ਧਿਆਨ ਵਿਚ ਹੈ।