ਨਵੀਂ ਦਿੱਲੀ: ਪੰਜਾਬ ਕੈਬਨਿਟ (Punjab Cabinet) ਦੇ ਵਿਸਥਾਰ ਲਈ ਸੂਬੇ ਦੇ ਆਗੂਆਂ ਤੇ ਕੇਂਦਰੀ ਅਗਵਾਈ 'ਚ ਲੰਬੀ ਚਰਚਾ ਚੱਲ ਰਹੀ ਹੈ। ਸੋਮਵਾਰ ਤੋਂ ਲਗਾਤਾਰ ਇਸ ਮੁੱਦੇ 'ਤੇ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ ਪਰ ਅਜੇ ਤੱਕ ਕੋਈ ਐਲਾਨ ਨਹੀਂ ਹੋਇਆ ਹੈ।
ਵੀਰਵਾਰ ਸ਼ਾਮ ਨੂੰ ਅਚਾਨਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੜ ਤੋਂ ਦਿੱਲੀ ਗਏ, ਜਿੱਥੇ ਪਾਰਟੀ ਦੇ ਕੇਂਦਰੀ ਆਗੂਆਂ ਨਾਲ ਮੁਲਾਕਾਤ ਕੀਤੀ।
ਕਾਂਗਰਸੀ ਨੇਤਾ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਏਆਈਸੀਸੀ ਇੰਚਾਰਜ (ਪੰਜਾਬ) ਹਰੀਸ਼ ਰਾਵਤ, ਸੰਗਠਨ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਦੇ ਨਾਲ ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਲਈ ਮੀਟਿੰਗ ਸਵੇਰੇ 2 ਵਜੇ ਤੱਕ ਚੱਲੀ।
ਦੇਰ ਰਾਤ ਤੱਕ ਚੱਲੀ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ ਸੜਕ ਮਾਰਗ ਰਾਹੀਂ ਪੰਜਾਬ ਲਈ ਰਵਾਨਾ ਹੋ ਗਏ।
ਸੁਨੀਲ ਜਾਖੜ ਗਾਂਧੀ ਭੈਣ-ਭਰਾ ਦੇ ਨਾਲ ਗਏ ਸਨ ਦਿੱਲੀ
ਇਸ ਤੋਂ ਪਹਿਲਾਂ ਗਾਂਧੀ ਭੈਣ-ਭਰਾ (Gandhi Siblings) ਬੁੱਧਵਾਰ ਨੂੰ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਰਵਾਨਾ ਹੋਏ, ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਨਜ਼ਰ ਆਏ। ਪੰਜਾਬ ਕੈਬਨਿਟ ਵਿਸਥਾਰ ਦੇ ਮੱਦੇਨਜ਼ਰ ਜਾਖੜ ਦਾ ਇੰਝ ਰਾਹੁਲ-ਪ੍ਰਿਯੰਕਾ ਦੇ ਨਾਲ ਦਿੱਲੀ ਜਾਣ ਨੇ ਕਈਂ ਚਰਚਾਵਾਂ ਤੇਜ਼ ਕਰ ਦਿੱਤੀਆਂ। ਖ਼ਬਰਾਂ ਸਨ ਕਿ ਜਾਖੜ ਦੀ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਹੋਵੇਗੀ, ਪਰ ਸ਼ਾਮ ਤੱਕ ਅਜਿਹਾ ਕੁਝ ਨਹੀਂ ਹੋਇਆ।
ਇਹ ਵੀ ਪੜ੍ਹੋ:ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਨਜ਼ਰ ਆਏ ਸੁਨੀਲ ਜਾਖੜ, ਚਰਚਾਵਾਂ ਤੇਜ਼
ਮੰਗਲਵਾਰ ਨੂੰ ਟੀਮ ਚੰਨੀ ਗਈ ਸੀ ਦਿੱਲੀ
ਸਹੁੰ ਚੁੱਕਣ ਦੇ ਇੱਕ ਦਿਨ ਬਾਅਦ, ਨਵ -ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ. ਪੀ. ਸੋਨੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪਾਰਟੀ ਦੀ ਉੱਚ ਲੀਡਰਸ਼ਿਪ ਦੇ ਨਾਲ ਰਾਜ ਦੇ ਮੰਤਰੀ ਮੰਡਲ ਸਬੰਧੀ ਵਿਚਾਰ -ਵਟਾਂਦਰਾ ਕਰਨ ਲਈ ਦਿੱਲੀ ਗਏ।
ਕੌਮੀ ਰਾਜਧਾਨੀ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਕੇਸੀ ਵੇਣੂਗੋਪਾਲ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮੀਟਿੰਗ ਤੋਂ ਤੁਰੰਤ ਬਾਅਦ, ਕਾਂਗਰਸ ਨੇ ਆਪਣੀ ਪੰਜਾਬ ਇਕਾਈ ਲਈ ਨਵੇਂ, ਵਧੀਕ ਅਹੁਦੇਦਾਰਾਂ ਦੀ ਇੱਕ ਸੂਚੀ ਜਾਰੀ ਕੀਤੀ, ਜਿਸ ਵਿੱਚ ਸਿੱਧੂ ਦੇ ਨੇੜਲੇ ਪਰਗਟ ਸਿੰਘ ਅਤੇ ਯੋਗਿੰਦਰ ਪਾਲ ਢੀਂਗਰਾ ਜਨਰਲ ਸਕੱਤਰ ਅਤੇ ਗੁਲਜ਼ਾਰ ਇੰਦਰ ਚਾਹਲ ਖਜ਼ਾਨਚੀ ਵਜੋਂ ਨਿਯੁਕਤ ਕੀਤੇ ਗਏ।
ਨਵੀਂ ਸੂਚੀ ਇਸ ਲਈ ਮਹੱਤਤਾ ਰੱਖਦੀ ਹੈ ਕਿਉਂਕਿ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੂੰ ਪਾਰਟੀ ਹਾਈ ਕਮਾਂਡ ਨੇ ਖੂੰਜੇ ਲਗਾ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ, ਦੇ ਵਫ਼ਾਦਾਰਾਂ ਨੂੰ ਨਵੇਂ ਮੁੱਖ ਮੰਤਰੀ ਵੱਲੋਂ ਲਾਂਬੇ ਕਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਾਈ ਕਮਾਂਡ ਨੂੰ ਸੌਂਪੀ ਸੂਚੀ: ਸੂਤਰ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਦਿੱਲੀ ਫੇਰੀ ਦੌਰਾਨ ਮੁੱਖ ਮੰਤਰੀ ਚੰਨੀ ਨੇ ਹਾਈ ਕਮਾਂਡ ਨੂੰ ਸੂਚ ਸੌਂਪ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਲੋਕਾਂ ਦੇ ਨਾਂਅ ਸੂਚੀਬੱਧ ਕੀਤੇ ਜਿਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਮਿਲੀ
ਸੂਤਰਾਂ ਅਨੁਸਾਰ, ਬ੍ਰਹਮ ਮਹਿੰਦਰਾ, ਜਿਨ੍ਹਾਂ ਨੂੰ ਕਾਂਗਰਸ ਨੇ ਸ਼ੁਰੂ ਵਿੱਚ ਉਪ ਮੁੱਖ ਮੰਤਰੀਆਂ ਵਿੱਚੋਂ ਇੱਕ ਐਲਾਨ ਕੀਤਾ ਸੀ, ਸਾਧੂ ਸਿੰਘ ਧਰਮਸੋਤ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਦੀ ਮੰਤਰੀ ਮੰਡਲ ਤੋਂ ਛੁੱਟੀ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਅਮਰਿੰਦਰ ਸਿੰਘ ਰਾਜਾ ਵੜਿੰਗ, ਪਰਗਟ ਸਿੰਘ, ਇੰਦਰਵੀਰ ਬੁਲਾਰੀਆ, ਸੰਗਤ ਸਿੰਘ ਗਿਲਜੀਆਂ, ਗੁਰਕੀਰਤ ਕੋਟਲੀ ਅਤੇ ਰਾਜਕੁਮਾਰ ਵੇਰਕਾ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਸੀਐਮ ਬਣਨ ਤੋਂ ਬਾਅਦ ਚੰਨੀ ਦਾ ਦਿੱਲੀ ਦੌਰਾ, ਕੈਬਨਿਟ ਵਿਸਥਾਰ ਉਤੇ ਚਰਚਾ ਸੰਭਵ