ਬਿਲਾਸਪੁਰ: ਪੰਜਾਬ ਸਮੇਤ ਪੰਜ ਸੂਬਿਆਂ ਵਿੱਚ ਚੋਣਾਂ ਦਾ ਬਿਗਲ ਵੱਜ ਗਿਆ ਹੈ। ਚੋਣਾਂ ਦਾ ਬਿਗਲ ਵੱਜਣ ਤੋਂ ਬਾਅਦ ਹੁਣ ਸਿਆਸਤਦਾਨ ਜਨਤਾ ਦੀ ਕਚਹਿਰੀ ਦੇ ਨਾਲ ਨਾਲ ਹੀ ਰੱਬ ਦੇ ਦਰ ਤੋਂ ਅਸ਼ੀਰਵਾਦ ਲੈਣ ਲਈ ਪਹੁੰਚ ਰਹੇ ਹਨ। ਇਸੇ ਕੜੀ ਵਿੱਚ ਐਤਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਆਪਣੀ ਟੀਮ ਨਾਲ ਹਿਮਾਚਲ ਪ੍ਰਦੇਸ਼ ਵਿੱਚ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਨੈਣਾ ਦੇਵੀ ਮਾਤਾ ਦੇ ਦਰਸ਼ਨਾਂ ਲਈ ਪਹੁੰਚੇ ਅਤੇ ਮਾਤਾ ਦਾ ਸ਼ੁੱਭ ਅਸ਼ੀਰਵਾਦ ਪ੍ਰਾਪਤ ਕੀਤਾ।
ਰਾਣਾ ਕੇਪੀ ਸਿੰਘ ਨੇ ਇੱਥੇ ਪ੍ਰਾਚੀਨ ਹਵਨ ਕੁੰਡ ਵਿੱਚ ਜਾਪ ਕਰਕੇ ਮਾਤਾ ਦੀ ਪੂਜਾ ਅਰਚਨਾ ਕੀਤੀ। ਮੰਦਰ ਟਰੱਸਟ ਵੱਲੋਂ ਉਨ੍ਹਾਂ ਨੂੰ ਮਾਤਾ ਦੀ ਚੁੰਨੀ ਅਤੇ ਪ੍ਰਸ਼ਾਦ ਭੇਂਟ ਕੀਤਾ ਗਿਆ। ਇਸ ਦੌਰਾਨ ਰਾਣਾ ਕੇਪੀ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਮੁੜ ਬਹੁਮਤ ਨਾਲ ਕਾਂਗਰਸ ਦੀ ਸਰਕਾਰ ਬਣੇਗੀ।