ਪੁਡੂਚੇਰੀ : ਸਿਹਤ ਅਤੇ ਪਰਿਵਾਰ ਭਲਾਈ ਸੇਵਾਵਾਂ ਦੇ ਡਾਇਰੈਕਟੋਰੇਟ, ਪੁਡੂਚੇਰੀ ਨੇ ਐਤਵਾਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਬਾਹਰਵਾਰ ਕਰਾਈਕਲ ਖੇਤਰ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਦਸਤ ਦੇ ਗੰਭੀਰ ਮਾਮਲਿਆਂ ਦੇ ਫੈਲਣ ਤੋਂ ਬਾਅਦ 'ਜਨਤਕ ਸਿਹਤ ਐਮਰਜੈਂਸੀ' ਐਲਾਨ ਕੀਤਾ ਗਿਆ। ਸਿਹਤ ਨਿਰਦੇਸ਼ਕ ਜੀ ਸ਼੍ਰੀਰਾਮੁਲੂ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਗੰਭੀਰ ਦਸਤ ਤੋਂ ਪੀੜਤ ਪਾਏ ਗਏ ਹਨ।
ਸ੍ਰੀਰਾਮੁਲੂ ਨੇ ਕਿਹਾ ਕਿ ਕੁਝ ਮਰੀਜ਼ ਹੈਜ਼ੇ ਲਈ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਰੋਜ਼ਾਨਾ ਹੋਰ ਕੇਸ ਸਾਹਮਣੇ ਆ ਰਹੇ ਹਨ ਅਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਡਾਕਟਰਾਂ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਲੋਕ ਨਿਰਮਾਣ ਵਿਭਾਗ ਅਤੇ ਨਗਰ ਪਾਲਿਕਾਵਾਂ ਨਾਲ ਤਾਲਮੇਲ ਕਰਕੇ ਸਥਿਤੀ ਨੂੰ ਸੰਭਾਲਣ ਲਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੇ ਫੈਲਣ ਦਾ ਕਾਰਨ ਪੀਣ ਵਾਲਾ ਪਾਣੀ ਦੂਸ਼ਿਤ ਹੈ।
ਲੋਕਾਂ ਨੂੰ ਸਿਰਫ਼ ਉਬਾਲ ਕੇ ਪਾਣੀ ਪੀਣ ਦੀ ਹਦਾਇਤ ਕੀਤੀ ਗਈ। ਅਧਿਕਾਰੀ ਨੇ ਕਿਹਾ ਕਿ ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਵੀ ਸਿਰਫ ਉਬਲਿਆ ਪਾਣੀ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ। ਇੱਕ ਅਧਿਕਾਰਤ ਸੂਤਰ ਨੇ ਪੀਟੀਆਈ ਨੂੰ ਦੱਸਿਆ ਕਿ ਹੁਣ ਤੱਕ ਕਰੀਬ 700 ਲੋਕਾਂ ਨੂੰ ਕਰਾਈਕਲ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਪੁਡੂਚੇਰੀ ਦੇ ਸਿੱਖਿਆ ਨਿਰਦੇਸ਼ਕ ਰੁਦਰ ਗੌੜ ਨੇ ਕਿਹਾ ਕਿ ਸੋਮਵਾਰ ਤੋਂ ਤਿੰਨ ਦਿਨਾਂ ਲਈ ਕਰਾਈਕਲ ਖੇਤਰ ਵਿੱਚ 'ਹੈਜ਼ੇ ਦੇ ਪ੍ਰਕੋਪ ਕਾਰਨ ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣਗੇ।